For the best experience, open
https://m.punjabitribuneonline.com
on your mobile browser.
Advertisement

ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ

11:47 AM Apr 14, 2024 IST
ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ
ਪਾਣੀ ਦੀ ਟੈਂਕੀ ਵਿੱਚ ਮਰੇ ਹੋਏ ਪੰਛੀ ਤੇ ਜਾਨਵਰ ਮਿਲਣ ਮਗਰੋਂ ਰੋਸ ਪ੍ਰਗਟ ਕਰਦੇ ਹੋਏ ਵਿਦਿਆਰਥੀ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 13 ਅਪਰੈਲ
ਪੰਜਾਬ ਯੂਨੀਵਰਸਿਟੀ ਦੇ ਆਰਟਸ ਬਲਾਕ-1 ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਮਰੇ ਹੋਏ ਬਾਂਦਰ, ਬਿੱਲੀ ਅਤੇ ਕਬੂਤਰ ਮਿਲਣ ਨਾਲ ਵਿਦਿਆਰਥੀਆਂ ਵਿੱਚ ਹੜਕੰਪ ਮਚ ਗਿਆ ਹੈ ਅਤੇ ਹਰ ਕੋਈ ਆਪਣੀ ਸਿਹਤ ਦੇ ਲਈ ਚਿੰਤਤ ਹੈ। ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਦੇਖ ਵਿਦਿਆਰਥੀ ਜਥੇਬੰਦੀ ਯੂਨੀਵਰਸਿਟੀ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਐੱਨਐੱਸਯੂਆਈ ਵੱਲੋਂ ਬੀਤੀ ਦੇਰ ਸ਼ਾਮ ਤੱਕ ਆਰਟਸ ਬਲਾਕ ਵਿੱਚ ਧਰਨਾ ਵੀ ਦਿੱਤਾ ਗਿਆ।
ਯੂਐੱਸਓ ਦੇ ਪ੍ਰਧਾਨ ਅਰਸ਼ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਆਰਟਸ ਬਲਾਕ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸਿਹਤ ਖਰਾਬ ਹੋ ਰਹੀ ਸੀ, ਜਿਸ ਕਰਕੇ ਕਈ ਵਿਦਿਆਰਥੀ ਤਾਂ ਹਸਪਤਾਲ ਵਿੱਚ ਇਲਾਜ ਲਈ ਗਏ। ਡਾਕਟਰਾਂ ਦੀ ਸਲਾਹ ਮੁਤਾਬਕ ਜਦੋਂ ਵਿਦਿਆਰਥੀਆਂ ਨੇ ਪੀਣ ਵਾਲੇ ਪਾਣੀ ਵੱਲ ਧਿਆਨ ਦਿੱਤਾ ਅਤੇ ਛੱਤ ਉੱਤੇ ਜਾ ਕੇ ਪਾਣੀ ਦੀਆਂ ਟੈਂਕੀਆਂ ਦੇਖੀਆਂ ਤਾਂ ਬਹੁਤੀਆਂ ਟੈਂਕੀਆਂ ਦੇ ਢੱਕਣ ਨਹੀਂ ਸਨ। ਕੁਝ ਟੈਂਕੀਆਂ ਵਿੱਚ ਕਬੂਤਰ ਆਦਿ ਮਰੇ ਹੋਏ ਪਏ ਸਨ ਜੋ ਕਿ ਗਲ਼-ਸੜ ਚੁੱਕੇ ਹੋਏ ਸਨ। ਉਸ ਸਮੇਂ ਚਿੰਤਾ ਹੋਰ ਜ਼ਿਆਦਾ ਵਧ ਗਈ ਜਦੋਂ ਇੱਕ ਟੈਂਕੀ ਵਿੱਚ ਮਰਿਆ ਹੋਇਆ ਬਾਂਦਰ ਮਿਲਿਆ ਅਤੇ ਪਾਣੀ ਵਿੱਚੋਂ ਬਦਬੂ ਆ ਰਹੀ ਸੀ।
ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਮਰੇ ਹੋਏ ਬਾਂਦਰ ਦੀਆਂ ਹੱਡੀਆਂ, ਕਬੂਤਰ ਅਤੇ ਬਿੱਲੀ ਆਦਿ ਮਿਲਣ ਉਤੇ ਜਥੇਬੰਦੀ ਵੱਲੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾਇਆ ਗਿਆ, ਜਿਸ ਦੌਰਾਨ ਚੀਫ਼ ਸਕਿਓਰਿਟੀ ਅਫ਼ਸਰ ਵੀ ਮੌਕੇ ਉੱਤੇ ਪਹੁੰਚੇ, ਜਿਨ੍ਹਾਂ ਨੇ ਅਥਾਰਿਟੀ ਦੇ ਧਿਆਨ ਵਿੱਚ ਲਿਆ ਕੇ ਟੈਂਕੀਆਂ ਸਾਫ ਕਰਵਾਉਣ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਪ੍ਰਧਾਨ ਅਰਸ਼ਦੀਪ ਅਤੇ ਪੂਰੀ ਟੀਮ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਸਫਾਈ ਕਰਵਾ ਕੇ ਸਹੀ ਢੰਗ ਨਾਲ ਢੱਕਣ ਨਾ ਲਗਾਏ ਗਏ ਤਾਂ ਡੀਐੱਸ ਡਬਲਯੂ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਸੰਪਰਕ ਕਰਨ ’ਤੇ ਚੀਫ਼ ਸਕਿਓਰਿਟੀ ਅਫ਼ਸਰ ਵਿਕਰਮ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਟੈਂਕੀਆਂ ਵਿੱਚ ਪੰਛੀ ਤੇ ਜਾਨਵਰ ਮਰੇ ਹੋਏ ਮਿਲੇ ਸਨ। ਹੁਣ ਪਾਣੀ ਦੀਆਂ ਸਾਰੀਆਂ ਟੈਂਕੀਆਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ। ਮਾਮਲਾ ਉਚ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×