ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਦਿਆਰਥੀ ਯੋਗਦਾਨ ਦੇਣ: ਬਲਬੀਰ ਸਿੰਘ
ਪਾਲ ਸਿੰਘ ਨੌਲੀ
ਜਲੰਧਰ, 26 ਅਕਤੂਬਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪਿਮਸ) ਵਿੱਚ ਡਿਗਰੀ ਸਮਾਰੋਹ ਵੰਡ ਦੌਰਾਨ 180 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸੂਬੇ ਅਤੇ ਦੇਸ਼ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਆਪਣਾ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਸਿਹਤ ਮੰਤਰੀ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਿਹਤ ਸੇਵਾਵਾਂ ਵਰਗੇ ਆਦਰਸ਼ ਪੇਸ਼ੇ ਵਿੱਚ ਕਦਮ ਰੱਖਣ ਜਾ ਰਹੇ ਹਨ, ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ ਤੇ ਮਿਹਨਤ ਨਾਲ ਨੈਤਿਕ ਮੁੱਲਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਨਿਭਾਉਣ ਲਈ ਕਿਹਾ। ਇਸ ਮੌਕੇ ਡਾਇਰੈਕਟਰ ਪ੍ਰਿੰ. ਰਾਜੀਵ ਅਰੋੜਾ ਨੇ ਮਨੁੱਖਤਾ ਦੀ ਸੇਵਾ ਦੇ ਸਭ ਤੋਂ ਅਨੁਸ਼ਾਸਨਬੱਧ ਮਹਾਨ ਪੇਸ਼ੇ ਵਿੱਚ ਕਦਮ ਰੱਖਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਪੜ੍ਹਾਈ ਦੌਰਾਨ ਕੀਤੀ ਗਈ ਮਿਹਨਤ ਦਾ ਫਲ ਮਿਲ ਰਿਹਾ ਹੈ।
ਪਿਮਸ ਦੇ ਐਗਜ਼ੈਕਟਿਵ ਚੇਅਰਮੈਨ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਮੈਡੀਕਲ ਸੇਵਾ ਵਿੱਚ ਲਗਾਤਾਰ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿਸ ਨਾਲ ਸਮੇਂ ਦੀ ਲੋੜ ਅਨੁਸਾਰ ਮਾਨਵ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਸਕੇ। ਇਸ ਮੌਕੇ ਗੈਸਟ ਆਫ ਆਨਰ ਪਿਮਸ ਸੁਸਾਇਟੀ ਦੇ ਡਾਇਰੈਕਟਰ ਡਾ. ਕੰਵਰਦੀਪ ਸਿੰਘ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ ਵੀ ਮੌਜੂਦ ਸਨ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਗੁਰਕੀਰਤ ਸਿੰਘ, ਪਿਮਸ ਦੀ ਐਸੋਸੀਏਟ ਡੀਨ ਅਕਾਦਮਿਕ ਡਾ. ਹਰਵਿੰਦਰ ਕੌਰ ਚੀਮਾ, ਪਿਮਸ ਦੇ ਮੈਡੀਕਲ ਸੁਪਰਡੈਂਟ ਡਾ. ਪੁਨੀਤ ਖੁਰਾਣਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਅਤੇ ਪਿਮਸ ਦਾ ਸਟਾਫ਼ ਵੀ ਮੌਜੂਦ ਸੀ।