ਵਿਦਿਆਰਥੀਆਂ ਵੱਲੋਂ ਐੱਨਟੀਏ ਖ਼ਿਲਾਫ਼ ਅਣਮਿੱਥੇ ਸਮੇਂ ਦਾ ਧਰਨਾ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ
ਦਿੱਲੀ ਦੇ ਜੰਤਰ-ਮੰਤਰ ’ਤੇ ਐੱਨਟੀਏ ਦੇ ਖ਼ਿਲਾਫ਼ ਵਿਦਿਆਰਥੀਆਂ ਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਇਹ ਸਾਰੇ ਵਿਦਿਆਰਥੀ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਭੰਗ ਕਰਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪਹਿਲਾਂ ਧਰਨੇ ਦੌਰਾਨ ਪੁਲੀਸ ਨੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪਰ ਇਸ ਦੇ ਬਾਵਜੂਦ ਵਿਦਿਆਰਥੀ ਜੰਤਰ-ਮੰਤਰ ’ਤੇ ਡਟੇ ਹੋਏ ਹਨ। ਖੱਬੇ ਪੱਖੀ ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ) ਅਤੇ ਦਿੱਲੀ ਯੂਨੀਵਰਸਿਟੀ ਦੀ ਰੈਵੋਲਿਊਸ਼ਨਰੀ ਯੂਥ ਆਰਗੇਨਾਈਜ਼ੇਸ਼ਨ (ਕੇਵਾਈਐੱਸ) ਅਤੇ ਕਈ ਹੋਰ ਵਿਦਿਆਰਥੀ ਧੜੇ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਕਰਵਾਈਆਂ ਗਈਆਂ ਪ੍ਰੀਖਿਆਵਾਂ ਵਿੱਚ ਕਥਿਤ ਧਾਂਦਲੀ ਵਿਰੁੱਧ ਜੰਤਰ-ਮੰਤਰ ’ਚ ਇਕੱਠੇ ਹੋਏ ਅਤੇ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਅੱਜ ਜੰਤਰ-ਮੰਤਰ ਵਿੱਚ ਹੋਈ ਕਨਵੈਨਸ਼ਨ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਆਗੂ ਤੇ ਕਾਰਕੁਨ ਸ਼ਾਮਲ ਹੋਏ, ਇਸ ਤੋਂ ਇਲਾਵਾ ਸਿੱਖਿਆ ਸ਼ਾਸਤਰੀਆਂ ਨੇ ਵੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਨਾਕਾਮੀ ਦਾ ਮੁੱਦਾ ਉਠਾਇਆ।
ਰਾਜ ਸਭਾ ਦੇ ਮੈਂਬਰ (ਆਰਜੇਡੀ) ਮਨੋਜ ਝਾਅ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਸੀਪੀਆਈ (ਐੱਮਐੱਲ) ਲਿਬਰੇਸ਼ਨ ਤੋਂ ਸੁਦਾਮਾ ਪ੍ਰਸਾਦ, ਦਿੱਲੀ ਯੂਨੀਵਰਸਿਟੀ ਤੋਂ ਡਾ. ਵਿਕਾਸ ਗੁਪਤਾ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸਿੱਖਿਆ ਸ਼ਾਸਤਰੀ ਸ਼ਾਮਲ ਹੋਏ। ਬੁਲਾਰਿਆਂ ਨੇ ਭਾਜਪਾ ਦੀ ਨਵੀਂ ਸਿੱਖਿਆ ਨੀਤੀ ਦੀ ਆਲੋਚਨਾ ਤਾਂ ਕੀਤੀ ਹੀ ਨਾਲ ਹੀ ਨੈਸ਼ਨਲ ਟੈਸਟਿੰਗ ਏਜੰਸੀ ਅਧੀਨ ਵੱਖ-ਵੱਖ ਇਮਤਿਹਾਨਾਂ ਨੂੰ ਲਿਆਉਣ ਪਿੱਛੇ ਮਾੜੀ ਨੀਅਤ ਦਾ ਖੁਲਾਸਾ ਵੀ ਕੀਤਾ।