ਵਿਦਿਆਰਥਣਾਂ ਦਾ ਆਟੋ ਟੋਏ ’ਚ ਡਿੱਗਿਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 5 ਜੂਨ
ਇੱਥੋਂ ਦੇ ਬਖਸ਼ੀਵਾਲਾ ਚੌਕ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ ਪਿੰਡ ਘਾਸੀ ਵਾਲ ਦੀਆਂ ਸ਼ਹੀਦ ਊਧਮ ਸਿੰਘ ਗਰਲਜ਼ ਸਕੂਲ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਦਾ ਆਟੋ ਵਾਟਰ ਸਪਲਾਈ ਦੀ ਲੀਕੇਜ ਨੂੰ ਠੀਕ ਕਰਨ ਲਈ ਪੁੱਟੇ ਡੂੰਘੇ ਟੋਏ ਵਿੱਚ ਡਿੱਗ ਗਿਆ। ਇਸ ਦੌਰਾਨ ਬੱਚੀਆਂ ਦੀਆਂ ਚੀਕਾਂ ਸੁਣ ਕੇ ਬਖਸ਼ੀਵਾਲਾ ਚੌਕ ਦੇ ਸਥਾਨਕ ਵਾਸੀਆਂ ਵੱਲੋਂ ਬੱਚਿਆਂ ਅਤੇ ਆਟੋ ਨੂੰ ਟੋਏ ਵਿੱਚੋਂ ਕੱਢਿਆ ਗਿਆ। ਇਸ ਦੌਰਾਨ ਬੱਚਿਆਂ ਦੇ ਗੁੱਝੀਆਂ ਸੱਟਾ ਲੱਗਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਕੂਲੀ ਵਰਦੀਆਂ ਰੇਤੇ ਨਾਲ ਲਿੱਬੜ ਗਈਆਂ ਅਤੇ ਬੂਟ ਗੁੰਮ ਹੋ ਗਏ। ਲੋਕ ਹਿੱਤ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਨਗਰ ਕੌਂਸਲ ਸੁਨਾਮ ਵੱਲੋਂ ਪਾਈ ਹੋਈ ਵਾਟਰ ਸਪਲਾਈ ਦੀ ਲਾਈਨ ਬਹੁਤ ਪੁਰਾਣੀ ਹੈ ਤੇ ਭਾਰੀ ਵਾਹਨ ਲੰਘਣ ਕਾਰਨ ਇਸ ਦੇ ਜੋੜ ਖੁੱਲ੍ਹ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਬਖਸ਼ੀਵਾਲਾ ਰੋਡ ਦੇ ਡੰਪ ਦੇ ਨੇੜੇ ਹੁੰਦੀ ਸੀਵਰੇਜ ਦੀ ਲੀਕੇਜ ਅਤੇ ਬਖਸ਼ੀਵਾਲਾ ਚੌਕ ਤੋਂ ਜਖੇਪਲ ਰੋਡ ਤੱਕ ਹੁੰਦੀ ਲੀਕੇਜ ਦਾ ਸਥਾਈ ਹੱਲ ਕੀਤਾ ਜਾਵੇ।