ਸਰਕਾਰੀ ਬੱਸਾਂ ਦੀ ਘਾਟ ਕਾਰਨ ਵਿਦਿਆਰਥੀ ਪ੍ਰੇਸ਼ਾਨ
ਹਰਦੀਪ ਸਿੰਘ ਸੋਢੀ
ਧੂਰੀ, 1 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅੰਦਰ ਪੀਆਰਟੀਸੀ ਬੱਸ ਸੇਵਾ ਦੀ ਘਾਟ ਕਾਰਨ ਸ਼ਹਿਰ ਦਾ ਵਿਦਿਆਰਥੀ ਤੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਧੂਰੀ ਦੇ ਸਰਕਾਰੀ ਕਾਲਜ, ਜੋ ਬੇਨੜਾ ਪਿੰਡ ਵਿੱਚ ਪੈਂਦਾ ਹੈ, ਨੂੰ ਜਾਣ ਲਈ ਰੋਜ਼ਾਨਾ ਵਿਦਿਆਰਥਣਾਂ ਤੁਰ ਪੜ੍ਹਾਈ ਕਰਨ ਜਾਂਦੀਆਂ ਹਨ। ਸ਼ਹਿਰ ਵਿੱਚ ਲੰਬੇ ਰੂਟਾਂ ਦੀਆਂ ਸਰਕਾਰੀ ਬੱਸਾਂ ਰੋਜ਼ਾਨਾ ਲੰਘਦੀਆਂ ਹਨ ਪਰ ਬਹੁਤੀਆਂ ਬਾਈਪਾਸ ’ਤੇ ਖੜ੍ਹੇ ਕੇ ਅੱਗੇ ਤੁਰ ਜਾਂਦੀਆਂ ਹਨ। ਧੂਰੀ ਦੇ ਬੱਸ ਸਟੈਂਡ ਉੱਪਰ ਲੁਧਿਆਣਾ ਤੋਂ ਦਿੱਲੀ ਵਾਇਆ ਧੂਰੀ ਨੂੰ ਹੋ ਕੇ ਬੱਸਾਂ ਬੱਸ ਸਟੈਂਡ ਵਿੱਚ ਆ ਕੇ ਅੱਗੇ ਜਾਂਦੀਆਂ ਸਨ ਪਰ ਹੁਣ ਬੰਦ ਹੋ ਗਈਆਂ ਹਨ। ਸ਼ਹਿਰ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਰੋਜ਼ਾਨਾ ਸੈਂਕੜੇ ਵਿਦਿਆਰਥੀ ਤੇ ਵਿਦਿਆਰਥਣਾਂ ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਬਰਨਾਲਾ ਕਾਲਜ ਵਿੱਚ ਪੜ੍ਹਨ ਜਾਂਦੇ ਹਨ। ਉਹ ਰੋਜ਼ਾਨਾ ਸਰਕਾਰੀ ਬੱਸਾਂ ’ਤੇ ਸਫ਼ਰ ਕਰਦੇ ਸਨ ਪਰ ਹੁਣ ਸਰਕਾਰੀ ਬੱਸਾਂ ਬੱਸ ਅੱਡੇ ਵਿੱਚ ਨਹੀਂ ਆਉਂਦੀਆਂ। ਬੇਨੜਾ ਕਾਲਜ ਜਾਣ ਲਈ ਕੋਈ ਬੱਸ ਸਹੂਲਤ ਨਹੀਂ ਹੈ ਜਿਸ ਕਾਰਨ ਕੁੜੀਆਂ ਨੂੰ ਪੈਦਲ ਤੁਰ ਕੇ ਆਉਣਾ-ਜਾਣਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਕਾਲਜ ਬੇਨੜਾ ਜਾਣ ਲਈ ਸਰਕਾਰੀ ਬੱਸ ਰੂਟ ਚਲਾਇਆ ਜਾਵੇ ਤੇ ਕਾਲਜ ਅੱਗੇ ਬੱਸ ਨੂੰ ਰੁਕਣ ਦੀ ਹਦਾਇਤ ਕੀਤੀ ਜਾਵੇ।
ਸਰਕਾਰ ਦੇ ਧਿਆਨ ਵਿੱਚ ਲਿਆਇਆ ਜਾਵੇਗਾ ਮਾਮਲਾ: ਐਸਡੀਐਮ
ਧੂਰੀ ਦੇ ਐਸਡੀਐਮ ਅੰਮਿਤ ਕੁਮਾਰ ਨੇ ਉਨ੍ਹਾਂ ਕਿਹਾ ਉਹ ਇਸ ਗੰਭੀਰ ਮਸਲੇ ਸਬੰਧੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਤੇ ਆਮ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।