ਐੱਮਏ ਪੰਜਾਬੀ ਦਾ ਪੇਪਰ ਪੁਰਾਣੇ ਸਿਲੇਬਸ ’ਚੋਂ ਆਉਣ ਕਾਰਨ ਵਿਦਿਆਰਥੀ ਹੋਏ ਪ੍ਰੇਸ਼ਾਨ
ਹਤਿੰਦਰ ਸਿੰਘ ਮਹਿਤਾ
ਜਲੰਧਰ, 28 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈਆਂ ਜਾ ਰਹੀਆਂ ਸਮੈਸਟਰ ਪ੍ਰੀਖਿਆਵਾਂ ਦੌਰਾਨ ਅੱਜ ਸਵੇਰ ਵੇਲੇ ਐੱਮਏ ਪੰਜਾਬੀ (ਬੈਚ 2022-24) ਦੇ ਸਮੈਸਟਰ ਤੀਜਾ ਦਾ ਪੰਜਾਬੀ ਨਾਵਲ ਦਾ ਪਰਚਾ ਪੁਰਾਣੇ ਸਿਲੇਬਸ (ਬੈਚ 2021-23) ’ਚੋਂ ਆਉਣ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਬੈਚ 2022-24 ਮੁਤਾਬਕ ਭਾਗ ‘ਅ’ ਅਤੇ ‘ੲ’ ਵਿੱਚ ਕ੍ਰਮਵਾਰ ਨਾਨਕ ਸਿੰਘ ਦਾ ਨਾਵਲ ‘ਪਵਿੱਤਰ ਪਾਪੀ’ ਅਤੇ ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’ ਸਿਲੇਬਸ ਵਿੱਚ ਲੱਗੇ ਹੋਏ ਹਨ, ਜਦਕਿ ਬੈਚ 2021-23 ਦੇ ਸਿਲੇਬਸ ਵਿੱਚ ਕ੍ਰਮਵਾਰ ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’ ਅਤੇ ਗੁਰਦਿਆਲ ਸਿੰਘ ਦਾ ਨਾਵਲ ‘ਪਰਸਾ’ ਲੱਗਿਆ ਹੋਇਆ ਸੀ। ਦੱਸਣਯੋਗ ਹੈ ਕਿ ਅੱਜ ਦਾ ਪੇਪਰ ਬੈਚ 2022-24 ਦੇ ਸਿਲੇਬਸ ਦੀ ਥਾਂ ਪੁਰਾਣੇ ਸਿਲੇਬਸ ਵਿੱਚੋਂ ਆਉਣ ਕਾਰਨ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੀਖ਼ਿਆ ਕੰਟਰੋਲਰ ਦੇ ਅਹੁਦੇਦਾਰਾਂ ਨੇ ਤੁਰੰਤ ਸਬੰਧਤ ਪੇਪਰ ਦੇ ਭਾਗ ‘ਅ’ ਅਤੇ ਭਾਗ ‘ੲ’ ਦੇ ਪ੍ਰਸ਼ਨਾਂ ਨੂੰ ਬੈਚ 2022-24 ਮੁਤਾਬਕ ਸੈੱਟ ਕਰ ਕੇ ਸਬੰਧਤ ਪ੍ਰੀਖਿਆ ਕੇਂਦਰਾਂ ਨੂੰ ਈਮੇਲ ਰਾਹੀਂ ਭੇਜ ਦਿੱਤਾ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਰਚਾ ਹੱਲ ਕਰਨ ਲਈ ਅੱਧਾ ਘੰਟਾ ਵਾਧੂ ਸਮਾਂ ਦਿੱਤਾ ਗਿਆ। ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਥਿੰਦ ਨੇ ਮੰਗ ਕੀਤੀ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਗਰੇਸ ਅੰਕ ਦੇਣੇ ਚਾਹੀਦੇ ਹਨ।