ਸਕੂਲ ਅੱਗੇ ਪੁੱਟੇ ਨਿਕਾਸੀ ਨਾਲੇ ਤੋਂ ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਬੀਰਬਲ ਰਿਸ਼ੀ
ਸ਼ੇਰਪੁਰ, 3 ਸਤੰਬਰ
ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਵੱਲ ਕੱਢੇ ਪਿੰਡ ਦੇ ਨਿਕਾਸੀ ਨਾਲੇ ਦੇ ਵਹਾਅ ਕਾਰਨ ਮਾਮੂਲੀ ਮੀਂਹ ਮਗਰੋਂ ਵੀ ਇਥੇ ਸਥਿਤੀ ਬਦਤਰ ਹੋ ਜਾਂਦੀ ਹੈ। ਇਸ ਕਾਰਨ ਇਥੋਂ ਲੰਘਣ ਲੱਗਿਆਂ ਵਿਦਿਆਥੀਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮੀਂਹ ਪੈਣ ਮੌਕੇ ਨਿਕਾਸੀ ਨਾਲੇ ਦਾ ਪਾਣੀ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਭਰ ਗਿਆ, ਜਿੱਥੋਂ ਛੋਟੇ ਬੱਚਿਆਂ ਨੂੰ ਸਕੂਲ ਸਟਾਫ਼ ਨੇ ਬੜੀ ਮੁਸ਼ਕਿਲ ਨਾਲ ਪਾਰ ਲੰਘਾਇਆ। ਸਕੂਲ ਅੱਗਿਓਂ ਲੰਘਦੇ ਮੀਂਹ ਦੇ ਪਾਣੀ ਨੇ ਸਕੂਲ ਗੇਟ ਦੇ ਅੱਗੇ ਪਾਏ ਪਾਈਪ ’ਤੇ ਲੱਗੇ ਸੀਮਿੰਟ ਨੂੰ ਖੋਰਾ ਲਗਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ ਇੱਕ ਮਹੀਨਾ ਪਹਿਲਾਂ ਮੀਂਹ ਪੈਣ ਮੌਕੇ ਅੰਬੇਦਕਰ ਨਗਰ ਦੇ ਵਸਨੀਕਾਂ ਨੇ ਨਿਕਾਸੀ ਨਾਲੇ ਨੂੰ ਬੰਨ੍ਹ ਲਗਾ ਦਿੱਤਾ ਸੀ, ਜਿਸ ਨਾਲ ਧੂਰੀ-ਸ਼ੇਰਪੁਰ ਮੁੱਖ ਸੜਕ ’ਤੇ ਸਥਿਤ ਸਰਕਾਰੀ ਐਮੀਨੈਂਸ ਸਕੂਲ ਅੱਗੇ ਸੜਕ ’ਤੇ ਕਈ ਦਿਨ ਪਾਣੀ ਭਰਿਆ ਰਿਹਾ ਸੀ। ਉਸ ਸਮੇਂ ਸ਼ੇਰਪੁਰ ਦੇ ਬੀਡੀਪੀਓ ਦਾ ਵਾਧੂ ਚਾਰਜ ਸੰਭਾਲਣ ਵਾਲੇ ਧੂਰੀ ਦੇ ਬੀਡੀਪੀਓ ਪ੍ਰਦੀਪ ਸ਼ਾਰਧਾ ਨੇ ਸਕੂਲ ਵੱਲ ਪਾਣੀ ਦਾ ਵਹਾਅ ਕਰਨ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਇਹ ਪ੍ਰਬੰਧ ਆਰਜ਼ੀ ਹਨ ਅਤੇ ਛੇਤੀ ਹੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇਗਾ।
ਖੁਦ ਮੌਕਾ ਵੇਖਕੇ ਮਸਲਾ ਹੱਲ ਕਰਾਂਗੇ: ਬੀਡੀਪੀਓ
ਬੀਡੀਪੀਓ ਭੂਸ਼ਨ ਕੁਮਾਰ ਨੇ ਕਿਹਾ ਕਿ ਉਹ ਹਾਲ ਹੀ ਦੌਰਾਨ ਇੱਥੇ ਬਦਲਕੇ ਆਏ ਹਨ ਅਤੇ ਅੱਜ ਇੱਕ ਕੇਸ ਦੇ ਸਿਲਸਿਲੇ ਵਿੱਚ ਉੱਚ ਅਦਾਲਤ ਆਏ ਹੋਏ ਹਨ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਉਹ ਖੁਦ ਜਾ ਕੇ ਮੌਕਾ ਵੇਖਣਗੇ ਅਤੇ ਮਸਲਾ ਹੱਲ ਕਰਨ ਲਈ ਠੋਸ ਕਦਮ ਚੁੱਕਣਗੇ।