ਰਾਮੇਆਣਾ ਸਕੂਲ ’ਚ ਵਿਦਿਆਰਥੀਆਂ ਦੇ ਹੁਨਰ ਮੁਕਾਬਲੇ
ਪੱਤਰ ਪ੍ਰੇਰਕ
ਜੈਤੋ, 24 ਦਸੰਬਰ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ ਵਿੱਚ ਸਫ਼ਰ-ਏ-ਸ਼ਹਾਦਤ ਸਬੰਧੀ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਪ੍ਰਸ਼ਨੋਤਰੀ (ਕੁਇਜ਼), ਕਵਿਤਾ ਉਚਾਰਨ, ਦਸਤਾਰ ਤੇ ਰੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੂੰ ਚੇਅਰਮੈਨ ਤਰਫ਼ੋਂ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਆਗ਼ਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜੈਤੋ ’ਚ ਤਾਇਨਾਤ ਬਾਇਓਲਾਜੀ ਦੀ ਲੈਕਚਰਾਰ ਪੂਨਮ ਪਾਲ ਕੌਰ ਦੇ ਭਾਸ਼ਣ ਨਾਲ ਹੋਇਆ। ਉਨ੍ਹਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਦਾ ਵਰਨਣ ਕੀਤਾ। ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਨੇ ਸਮਾਗਮ ਲਈ ਪਿੰਡ ਨਿਵਾਸੀਆਂ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ। ਉਪਰੰਤ ਕ੍ਰਾਂਤੀਕਾਰੀ ਮੰਚ ਮੋਗਾ ਦੀ ਨਾਟਕ ਟੀਮ ਵੱਲੋਂ ਨਾਟਕ ‘ਨਾਦਾਨ ਪਰਿੰਦੇ’ ਰਾਹੀਂ ਨਸ਼ਿਆਂ ਨਾਲ ਹੁੰਦੀ ਬਰਬਾਦੀ ਦੀ ਤਸਵੀਰ ਪੇਸ਼ ਕੀਤੀ ਗਈ। ਇਸ ਮੌਕੇ ਲੇਖਕ ਗਿਰਧਰ ਦਲਮੀਰ, ਚੇਅਰਮੈਨ ਜਗਸੀਰ ਸਿੰਘ, ਸਕੂਲ ਮੁਖੀ ਸੁਖਮੰਦਰ ਸਿੰਘ ਹੋਰ ਹਾਜ਼ਰ ਸਨ। ਪਿੰਡ ਵਾਸੀਆਂ ਵੱਲੋਂ ਧਰਮਜੀਤ ਸਿੰਘ ਰਾਮੇਆਣਾ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਸੁਖਰਾਜ ਸਿੰਘ ਵੱਲੋਂ ਕੀਤਾ ਗਿਆ।