ਗਊ ਤਸਕਰੀ ਦੇ ਸ਼ੱਕ ’ਚ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
ਫ਼ਰੀਦਾਬਾਦ (ਹਰਿਆਣਾ):
ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਵਿੱਚ ਪੰਜ ਗਊ ਰੱਖਿਅਕਾਂ ਦੇ ਸਮੂਹ ਨੇ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਗਊ ਤਸਕਰ ਸਮਝ ਕੇ ਕਾਰ ਰਾਹੀਂ ਉਸ ਦਾ ਕਥਿਤ ਤੌਰ ’ਤੇ ਪਿੱਛਾ ਕੀਤਾ ਅਤੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਰ ਕੇ ਵਿਦਿਆਰਥੀ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਸੌਰਭ, ਅਨਿਲ ਕੌਸ਼ਿਕ, ਵਰੁਨ, ਕ੍ਰਿਸ਼ਨਾ ਅਤੇ ਆਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਅੱਜ ਪੰਜਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਪੁੱਛ-ਪੜਛਾਲ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ 23 ਅਗਸਤ ਰਾਤ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਐੱਸਯੂਵੀ ਗੱਡੀਆਂ ਵਿੱਚ ਸਵਾਰ ਕੁਝ ਮਸ਼ਕੂਕ ਗਊ ਤਸਕਰ ਸ਼ਹਿਰ ਵਿੱਚ ਸੂਹ ਲੈਂਦੇ ਘੁੰਮ ਰਹੇ ਹਨ। ਮੁਲਜ਼ਮਾਂ ਨੇ ਵਿਦਿਆਰਥੀ ਆਰੀਅਨ ਮਿਸ਼ਰਾ, ਉਸ ਦੇ ਦੋਸਤ ਸ਼ੈਂਕੀ ਤੇ ਹਰਸ਼ਿਤ ਨੂੰ ਗਲਤੀ ਨਾਲ ਗਊ ਤਸਕਰ ਸਮਝ ਲਿਆ ਅਤੇ ਦਿੱਲੀ-ਆਗਰਾ ਕੌਮੀ ਮਾਰਗ ’ਤੇ ਗਦਪੁਰੀ ਟੌਲ ਨੇੜੇ ਤੱਕ ਲਗਪਗ 30 ਕਿਲੋਮੀਟਰ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ।’ ਮੁਲਜ਼ਮਾਂ ਨੇ ਦੱਸਿਆ ਕਿ ਆਰੀਅਨ ਨੂੰ ਕਾਰ ਰੋਕਣ ਲਈ ਕਹਿਣ ’ਤੇ ਉਸ ਨੇ ਕਾਰ ਦੀ ਰਫ਼ਤਾਰ ਵਧਾ ਦਿੱਤੀ। ਉਪਰੰਤ ਮੁਲਜ਼ਮਾਂ ਨੇ ਪਲਵਲ ਵਿੱਚ ਗਦਪੁਰੀ ਟੌਲ ਕੋਲ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਆਰੀਅਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਰ ਤੇ ਨਾਜਾਇਜ਼ ਹਥਿਆਰ ਬਰਾਮਦ ਕਰ ਲਏ ਗਏ ਹਨ। -ਪੀਟੀਆਈ