ਵਿਦਿਆਰਥੀ ਨੇ 76 ਸੈਕਿੰਡ ’ਚ 98 ਦਾ ਪਹਾੜਾ ਸੁਣਾ ਕੇ ਰਿਕਾਰਡ ਬਣਾਇਆ
ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 2 ਫਰਵਰੀ
ਰਾਮਪੁਰਾ ਫੂਲ ਦੇ ਸੇਂਟ ਜ਼ੇਵੀਅਰ ਸਕੂਲ ਦੇ ਵਿਦਿਆਰਥੀ ਇਸ਼ਾਨ ਤਾਇਲ ਨੇ ਕੁਝ ਸਕਿੰਟਾਂ ਵਿੱਚ ਪਹਾੜਾ ਸੁਣਾ ਕੇ ਰਿਕਾਰਡ ਬਣਾਇਆ ਹੈ।
ਜਾਣਕਾਰੀ ਅਨੁਸਾਰ ਅੱਠਵੀਂ ਕਲਾਸ ਦੇ ਵਿਦਿਆਰਥੀ ਇਸ਼ਾਨ ਤਾਇਲ ਪੁੱਤਰ ਸੰਦੀਪ ਤਾਇਲ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ 98 ਦਾ ਪਹਾੜਾ 100 ਤੱਕ ਸਿਰਫ 76 ਸੈਕਿਡ ਵਿੱਚ ਮੂੰਹ ਜ਼ੁਬਾਨੀ ਸੁਣਾ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਇਸ ਨਵੇਂ ਰਿਕਾਰਡ ਦੀ ਪੁਸ਼ਟੀ ਕਰਦਿਆਂ ਇਸ਼ਾਨ ਤਾਇਲ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਨਾਲ ਕੀਤੀ ਹੈ। ਬਠਿੰਡਾ ਦੇ ਏਡੀਸੀ (ਜ) ਸ੍ਰੀਮਤੀ ਪੂਨਮ ਨੇ ਆਪਣੇ ਦਫਤਰ ਵਿੱਚ ਉਚੇਚੇ ਤੌਰ ’ਤੇ ਇਸ਼ਾਨ ਤਾਇਲ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇਸ਼ਾਨ ਨੇ ਇਹ ਰਿਕਾਰਡ ਬਣਾ ਕੇ ਨਾ ਸਿਰਫ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਬਲਕਿ ਹੋਰ ਵਿਦਿਆਰਥੀਆਂ ਦੇ ਲਈ ਮਿਸਾਲ ਵੀ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਿੱਥੇ ਜ਼ਿਆਦਾਤਰ ਵਿਦਿਆਰਥੀ ਗਣਿਤ ਵਿਸ਼ੇ ਤੋਂ ਡਰਦੇ ਹਨ, ਉੱਥੇ ਇਲਾਕੇ ਦੇ ਵਿਦਿਆਰਥੀਆਂ ਵੱਲੋਂ ‘ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਰੰਜੀਵ ਗੋਇਲ ਦੇ ਮਾਰਗਦਰਸ਼ਨ ਵਿੱਚ ਇਸ ਤਰ੍ਹਾਂ ਦੇ ਰਿਕਾਰਡ ਬਣਾਉਣਾ ਬਹੁਤ ਹੀ ਸਲਾਘਾਯੋਗ ਹੈ। ਇਹ ਰਿਕਾਰਡ ਬਣਾਉਣ ਲਈ ਆਨਲਾਈਨ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਤੇ ਇਸ ਰਿਕਾਰਡ ਲਈ ਦੇਸ਼ ਪੱਧਰ ’ਤੇ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਇਹ ਰਿਕਾਰਡ ਬਣਾਉਣ ਲਈ 2 ਮਹੀਨੇ ਪਹਿਲਾਂ ਅਪਲਾਈ ਕੀਤਾ ਗਿਆ ਸੀ ਜਿਸ ਦਾ ਸਰਟੀਫਿਕੇਟ ਦੋ ਦਿਨ ਪਹਿਲਾਂ ਕੋਰੀਅਰ ਰਾਹੀਂ ਭੇਜਿਆ ਗਿਆ।