ਵਿਦਿਆਰਥੀ ਚੋਣਾਂ: ਯੂਟੀ ਦੇ ਕਾਲਜਾਂ ’ਚ ਕਿਸੇ ਪਾਰਟੀ ਨੂੰ ਨਾ ਮਿਲਿਆ ਬਹੁਮਤ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਸਤੰਬਰ
ਯੂਟੀ ਦੇ ਕਾਲਜਾਂ ਵਿੱਚ ਅੱਜ ਹੋਈਆਂ ਵਿਦਿਆਰਥੀ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਸਾਰੇ ਕਾਲਜਾਂ ਵਿਚ ਬਹੁਮਤ ਨਹੀਂ ਮਿਲਿਆ ਪਰ ਹਰ ਕਾਲਜ ਵਿਚ ਇੱਕ ਪਾਰਟੀ ਦੇ ਹੀ ਜ਼ਿਆਦਾਤਰ ਉਮੀਦਵਾਰ ਚੁਣੇ ਗਏ। ਇਸ ਮੌਕੇ ਸਾਰੇ ਹੀ ਕਾਲਜਾਂ ਵਿਚ ਪੁਲੀਸ ਦੀ ਸਖ਼ਤੀ ਦੇਖਣ ਨੂੰ ਮਿਲੀ ਜਿਸ ਨਾਲ ਕੁੱਲ ਮਿਲਾ ਕੇ ਮਾਹੌਲ ਸ਼ਾਂਤ ਰਿਹਾ ਪਰ ਦੋ ਕਾਲਜਾਂ ਵਿਚ ਨੋਕ-ਝੋਕ ਤੇ ਕੁਝ ਹੋਰ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਪੁਲੀਸ ਨੇ ਨਾਲ ਦੀ ਨਾਲ ਹੀ ਨਜਿੱਠ ਲਿਆ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਕਾਲਜ ਦੀ ਪੁਰਾਣੀ ਵਿਦਿਆਰਥੀ ਜਥੇਬੰਦੀ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ (ਕੇਸੀਐੱਸਯੂ) ਦੀ ਝੰਡੀ ਰਹੀ। ਇਸ ਪਾਰਟੀ ਦੇ ਚਾਰੋਂ ਉਮੀਦਵਾਰਾਂ ਨੇ ਪਿਛਲੇ ਸਾਲ ਵਾਂਗ ਜਿੱਤ ਹਾਸਲ ਕੀਤੀ। ਇਸ ਕਾਲਜ ਵਿਚ ਅਮਨ ਗੋਇਤ (1094 ਵੋਟਾਂ) ਨੇ ਸੀਐੱਸਐੱਫ ਦੇ ਗੁਨਵੀਰ ਸਿੰਘ (942 ਵੋਟਾਂ) ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤੀ। ਜਦਕਿ ਇਸ ਪਾਰਟੀ ਦੇ ਮੀਤ ਪ੍ਰਧਾਨ ਹਰਸ਼ਵੀਰ ਸਿੰਘ (1044 ਵੋਟਾਂ) ਨੇ ਅਮਨਪ੍ਰੀਤ ਕੌਰ (980 ਵੋਟਾਂ) ਨੂੰ ਹਰਾ ਕੇ ਮੀਤ ਪ੍ਰਧਾਨਗੀ ਜਦਕਿ ਰਾਜੀ (1030 ਵੋਟਾਂ) ਨੇ ਅਮਨ ਮਿੱਤਲ (994 ਵੋਟਾਂ) ਨੂੰ ਹਰਾ ਕੇ ਜਨਰਲ ਸਕੱਤਰ ਅਤੇ ਵਿਸ਼ਵਜੀਤ (1009 ਵੋਟਾਂ) ਨੇ ਪਾਵਲ ਪਾਂਡੇ (973 ਵੋਟਾਂ) ਨੂੰ ਹਰਾ ਕੇ ਸੰਯੁਕਤ ਸਕੱਤਰ ਦੀ ਚੋਣ ਜਿੱਤੀ। ਇਸ ਕਾਲਜ ਵਿਚ 46.14 ਫੀਸਦੀ ਦੀ ਦਰ ਨਾਲ ਵੋਟਾਂ ਪਈਆਂ।
ਐੱਸਡੀ ਕਾਲਜ-32: ਇਸ ਕਾਲਜ ਵਿੱਚ ਵੀ ਸਾਰੇ ਨਤੀਜੇ ਐੱਸਡੀ ਕਾਲਜ ਯੂਨੀਅਨ (ਐੱਸਡੀਸੀਯੂ) ਦੇ ਹੱਕ ਵਿਚ ਆਏ। ਇਸ ਪਾਰਟੀ ਦਾ ਹਿਮਸੂ ਨਾਲ ਗੱਠਜੋੜ ਸੀ। ਪ੍ਰਧਾਨਗੀ ਦੀ ਚੋਣ ਜਤਨਜੋਤ ਸਿੰਘ ਗਿੱਲ, ਮੀਤ ਪ੍ਰਧਾਨ ਦੀ ਅੰਸ਼ੁਲ ਗੋਸਵਾਮੀ, ਸਕੱਤਰ ਦੀ ਚਿਰਾਗ ਭੰਰਾਂਤਾ ਤੇ ਜੁਆਇੰਟ ਸਕੱਤਰ ਦੀ ਅਭਿਸ਼ੇਕ ਨੇ ਜਿੱਤੀ। ਇਸ ਕਾਲਜ ਵਿਚ 37.19 ਫੀਸਦੀ ਵੋਟਿੰਗ ਹੋਈ।
ਡੀਏਵੀ ਕਾਲਜ-10: ਇਸ ਕਾਲਜ ਵਿੱਚ ਹਿਦੋਸਤਾਨ ਸਟੂਡੈਂਟਸ ਐਸੋਸੀਏਸ਼ਨ (ਐੱਚਐੱਸਏ) ਤੇ ਹਿਮਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ (ਐੱਚਪੀਐੱਸਯੂ) ਨਾਲ ਗੱਠਜੋੜ ਹੈ ਤੇ ਇਸ ਨੇ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਸ ਕਾਲਜ ਵਿਚ 45 ਫੀਸਦੀ ਵੋਟਾਂ ਪਈਆਂ। ਪ੍ਰਧਾਨਗੀ ਦੀ ਚੋਣ ਲਵਿਸ਼ ਸ਼ੇਹਰਾਵਤ, ਮੀਤ ਪ੍ਰਧਾਨਗੀ ਦੀ ਮ੍ਰਿਣਾਲ ਸਟੇਟਾ, ਸਕੱਤਰ ਦੀ ਸੌਰਵ ਪੰਵਾਰ ਤੇ ਜੁਆਇੰਟ ਸਕੱਤਰ ਦੀ ਯਾਇਮਾ ਓਨਮ ਨੇ ਜਿੱਤੀ।
ਸਰਕਾਰੀ ਕਾਲਜ ਸੈਕਟਰ-11: ਇਸ ਕਾਲਜ ਵੀ ਐੱਸਐੱਚਏ ਦਾ ਐੱਚਪੀਐੱਸਯੂ ਨਾਲ ਗੱਠਜੋੜ ਹੈ ਤੇ ਇਸ ਗੱਠਜੋੜ ਨੇ ਚਾਰ ਵਿਚੋਂ ਤਿੰਨ ਸੀਟਾਂ ਹਾਸਲ ਕੀਤੀਆਂ ਜਦਕਿ ਮੀਤ ਪ੍ਰਧਾਨ ਦੀ ਚੋਣ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਤੇ ਸੀਆਈਐੱਸਐੱਸ ਦੇ ਗੱਠਜੋੜ ਨੇ ਹਾਸਲ ਕੀਤੀ। ਇਸ ਕਾਲਜ ਵਿਚੋਂ ਅਭਿਮੰਨਿਊ ਮਾਨ ਨੇ ਹਰਮਨਜੀਤ ਨੂੰ ਹਰਾ ਕੇ ਪ੍ਰਧਾਨਗੀ ਹਾਸਲ ਕੀਤੀ। ਜਦਕਿ ਮੀਤ ਪ੍ਰਧਾਨ ਦੀ ਚੋਣ ਰਿਪੂਦਮਨ ਸਿੰਘ ਨੇ ਜਿੱਤੀ, ਇਸ ਕਾਲਜ ਵਿਚ ਸਕੱਤਰ ਪਿਯੂਸ਼ ਤੇ ਸੰਯੁਕਤ ਸਕੱਤਰ ਕੀਰਤੀ ਚੁਣੇ ਗਏ। ਕਾਲਜ ਵਿਚ ਸਭ ਤੋਂ ਵੱਧ 68.77 ਫੀਸਦੀ ਵੋਟਾਂ ਪਈਆਂ।
ਸਰਕਾਰੀ ਕਾਲਜ ਸੈਕਟਰ-46: ਇਸ ਕਾਲਜ ਵਿਚ ਐੱਨਐੱਸਯੂਆਈ ਦਾ ਐੱਚਐੱਸਏ ਨਾਲ ਗੱਠਜੋੜ ਹੈ। ਇਸ ਕਾਲਜ ਵਿਚ ਤਿੰਨ ਅਹੁਦਿਆਂ ’ਤੇ ਚੋਣ ਹੋਈ ਜਿਨ੍ਹਾਂ ਵਿਚੋਂ ਪ੍ਰਧਾਨਗੀ ਦੀ ਚੋਣ ਐੱਨਐੱਸਯੂਆਈ ਤੇ ਐੱਚਐੱਸਏ ਦੇ ਪਰਵੀਨ ਨੇ ਚਾਂਦਨੀ ਯਾਦਵ ਨੂੰ ਹਰਾ ਕੇ ਚੋਣ ਜਿੱਤੀ। ਮੀਤ ਪ੍ਰਧਾਨ ਦੀ ਚੋਣ ਵਿਚ ਏਬੀਵੀਪੀ ਦੀ ਡਿੰਪਲ ਜੇਤੂ ਰਹੀ ਜਦਕਿ ਸਕੱਤਰ ਦੀ ਚੋਣ ਐੱਨਐੱਸਯੂਆਈ ਤੇ ਐੱਚਐੱਸਏ ਦੇ ਅਨਿਕੇਤ ਭਾਟੀਆ ਨਿਰਵਿਰੋਧ ਚੁਣੇ ਗਏ ਸਨ ਤੇ ਸੰਯੁਕਤ ਸਕੱਤਰ ਦੀ ਚੋਣ ਮਾਨਸੀ ਨੇ ਜਿੱਤੀ। ਇਸ ਕਾਲਜ ਵਿਚ 43 ਫੀਸਦੀ ਵੋਟਾਂ ਪਈਆਂ।
ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50: ਇਸ ਕਾਲਜ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਤਿੰਨ ਸੀਟਾਂ ਜਿੱਤੀਆਂ ਜਦਕਿ ਕਾਂਗਰਸ ਦੀ ਵਿਦਿਆਰਥੀ ਵਿੰਗ ਐੱਨਐੱਸਯੂਆਈ ਨੇ ਮੀਤ ਪ੍ਰਧਾਨਗੀ ਹਾਸਲ ਕੀਤੀ ਜਿਸ ਵਿਚ ਮੌਲਿਕ ਰਾਏ ਸ਼ਰਮਾ ਜੇਤੂ ਰਹੇ। ਇਸ ਕਾਲਜ ਵਿਚ ਪ੍ਰਧਾਨ ਹਰਕਮਲਜੀਤ ਸਿੰਘ, ਜਨਰਲ ਸਕੱਤਰ ਗੌਰਾਂਗ ਤੇ ਜੁਆਇੰਟ ਸਕੱਤਰ ਕ੍ਰਿਸ਼ਾ ਗੁਲੇਰੀਆ ਚੁਣੇ ਗਏ। ਇਸ ਕਾਲਜ ਵਿਚ 56 ਫੀਸਦੀ ਦੇ ਕਰੀਬ ਵੋਟਾਂ ਪਈਆਂ। ਐੱਮਸੀਐੱਮ ਕਾਲਜ ’ਚ ਨੈਨਸੀ ਸੁਮਾਨੀ ਨਿਰਵਿਰੋਧ ਪ੍ਰਧਾਨ ਚੁਣੀ ਗਈ।। ਮੀਤ ਪ੍ਰਧਾਨ ਪਰਾਂਚਲ, ਸਕੱਤਰ ਅੰਮ੍ਰਿਤਾ ਕੌਰ ਸੰਧੂ, ਜੁਆਇੰਟ ਸਕੱਤਰ ਐਸ਼ਰਿਆ ਚੁਣੇ ਗਏ। ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੀ ਚੜ੍ਹਾਈ ਰਹੀ ਤੇ ਇਸ ਦੀ ਪਾਰਟੀ ਸੋਈ ਨੇ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ। ਇਸ ਪਾਰਟੀ ਦੀ ਪ੍ਰਧਾਨ ਜਯੋਤੀ, ਮੀਤ ਪ੍ਰਧਾਨ ਆਰਤੀ, ਸਕੱਤਰ ਪ੍ਰਿਯੰਕਾ ਰਾਣਾ, ਸੰਯੁਕਤ ਸਕੱਤਰ ਸਿਮਰਨਜੀਤ ਕੌਰ ਚੁਣੀ ਗਈ। ਦੇਵ ਸਮਾਜ ਕਾਲਜ ਸੈਕਟਰ-45 ਵਿਚ ਪ੍ਰਧਾਨਗੀ ਦੀ ਚੋਣ ਯੁਵਿਕਾ, ਮੀਤ ਪ੍ਰਧਾਨਗੀ ਦੀ ਅਨੰਨਿਆ ਸ਼ਰਮਾ, ਸਕੱਤਰ ਦੀ ਏ ਸ਼ਰਮਾ ਤੇ ਜੁਆਇੰਟ ਸਕੱਤਰ ਦੀ ਦੀਪਾਲੀ ਸ਼ਰਮਾ ਨੇ ਜਿੱਤੀ।
ਖਾਲਸਾ ਕਾਲਜ ਦੇ ਬਾਹਰ ਹੰਗਾਮਾ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਬਾਹਰ ਅੱਜ ਉਸ ਸਮੇਂ ਹੰਗਾਮਾ ਹੋਇਆ ਜਦੋਂ ਕਾਲਜ ਦਾ ਸਾਬਕਾ ਵਿਦਿਆਰਥੀ ਆਗੂ ਕੁਝ ਬਾਊਂਸਰਾਂ ਨਾਲ ਪੁੱਜ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਵਧਦੀਆਂ ਗੇੜੀਆਂ ਕਾਰਨ ਪੁਲੀਸ ਮੁਲਾਜ਼ਮਾਂ ਨੇ ਸਮਝਾਇਆ ਤੇ ਚਲੇ ਜਾਣ ਲਈ ਕਿਹਾ, ਪਰ ਉਹ ਨਾ ਜਾਣ ਲਈ ਅੜੇ ਰਹੇ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਜਿਪਸੀ ਵਿਚ ਬਿਠਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਪੁਲੀਸ ਨੇ ਉਨ੍ਹਾਂ ਨੂੰ ਇਥੋਂ ਜਾਣ ਲਈ ਕਹਿ ਦਿੱਤਾ। ਇਸ ਕਾਲਜ ਵਿਚ ਸੱਤ ਸੈਕਟਰ ਤੋਂ ਆਉਂਦੀ ਸੜਕ ’ਤੇ ਹੀ ਪੁਲੀਸ ਨੇ ਬੈਰੀਕੇਡਿੰਗ ਕੀਤੀ ਸੀ ਤੇ ਇਸ ਪਾਸੇ ਜਬਰੀ ਦਾਖ਼ਲ ਹੋਣ ਵਾਲੇ ਕੁਝ ਵਿਦਿਆਰਥੀਆਂ ’ਤੇ ਲਾਠੀਚਾਰਜ ਵੀ ਕੀਤਾ।
ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਜਸ਼ਨ ਮਨਾਉਂਦੇ ਵਿਦਿਆਰਥੀ ਪੁਲੀਸ ਅੜਿੱਕੇੇ
ਇੱਥੋਂ ਦੇ ਜੀਜੀਡੀ ਐੱਸਡੀ ਕਾਲਜ ਸੈਕਟਰ-32 ਵਿੱਚ ਜਦੋਂ ਜੇਤੂ ਟੀਮ ਰੈਲੀ ਕੱਢ ਰਹੀ ਸੀ ਤਾਂ ਪੁਲੀਸ ਨੇ ਉਨ੍ਹਾਂ ਦੀ ਵਾਹਨਾਂ ਦੀ ਵੀਡੀਓ ਬਣਾਈ ਕਿਉਂਕਿ ਕੁਝ ਵਿਦਿਆਰਥੀ ਸੜਕੀ ਨਿਯਮਾਂ ਦਾ ਉਲੰਘਣ ਕਰ ਰਹੇ ਸਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਗ਼ਲਤ ਵਾਹਨ ਪਾਰਕ ਕੀਤੇ ਹੋਏ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਵੀਡੀਓਜ਼ ਟਰੈਫਿਕ ਲਾਈਨਜ਼ ਨੂੰ ਭੇਜ ਦੇ ਚਾਲਾਨ ਕਟਵਾਏ ਜਾਣਗੇ। ਇਸ ਤੋਂ ਇਲਾਵਾ ਇਸ ਕਾਲਜ ਦੇ ਬਾਹਰ ਬੇਤਰਤੀਬੇ ਖੜ੍ਹੇ ਵਾਹਨਾਂ ਦੀ ਵੀ ਟਰੈਫਿਕ ਪੁਲੀਸ ਨੇ ਫੋਟੋਆਂ ਖਿੱਚੀਆਂ।