For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀ ਕੌਂਸਲ ਚੋਣਾਂ: ਏਬੀਵੀਪੀ ਵੱਲੋਂ ਮਹਿਲਾ ਮੈਨੀਫੈਸਟੋ ਜਾਰੀ

06:47 AM Aug 27, 2024 IST
ਵਿਦਿਆਰਥੀ ਕੌਂਸਲ ਚੋਣਾਂ  ਏਬੀਵੀਪੀ ਵੱਲੋਂ ਮਹਿਲਾ ਮੈਨੀਫੈਸਟੋ ਜਾਰੀ
ਯੂਨੀਵਰਸਿਟੀ ਵਿੱਚ ਮੈਨੀਫੈਸਟੋ ਬਾਰੇ ਜਾਣਕਾਰੀ ਦਿੰਦੀਆਂ ਹੋਈਆਂ ਜਥੇਬੰਦੀਆਂ ਦੀਆਂ ਆਗੂਆਂ ਅਤੇ ਕਾਰਕੁਨਾਂ। -ਫੋਟੋ: ਪ੍ਰਦੀਪ ਤਿਵਾੜੀ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 26 ਅਗਸਤ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵੱਲੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਚੋਣਾਂ ਨੂੰ ਲੈ ਕੇ ਕੈਂਪਸ ਵਿੱਚ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਇੱਥੇ ਸਟੂਡੈਂਟਸ ਸੈਂਟਰ ਵਿੱਚ ਆਪਣਾ ਮਹਿਲਾ ਮੈਨੀਫੈਸਟੋ ਜਾਰੀ ਕੀਤਾ ਗਿਆ।
ਪੀਯੂ ਕੈਂਪਸ ਇਕਾਈ ਦੇ ਪ੍ਰਧਾਨ ਪਰਵਿੰਦਰਾ ਸਿੰਘ ਨੇਗੀ ਨੇ ਦੱਸਿਆ ਕਿ ਇਹ ਮਹਿਲਾ ਮੈਨੀਫੈਸਟੋ ’ਵਰਸਿਟੀ ਵਿੱਚ ਵਿਦਿਆਰਥਣਾਂ ਦੀ ਸੁਰੱਖਿਆ, ਸਸ਼ਕਤੀਕਰਨ ਅਤੇ ਤੰਦਰੁਸਤੀ ਨੂੰ ਵਧਾਉਣ ਪ੍ਰਤੀ ਜਥੇਬੰਦੀ ਦੀ ਦੂਰ-ਦ੍ਰਿਸ਼ਟੀ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਏਬੀਵੀਪੀ ਇਹ ਯਕੀਨੀ ਬਣਾਏਗੀ ਕਿ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਔਰਤਾਂ ਲਈ ਘੱਟੋ-ਘੱਟ ਇੱਕ ਸੀਟ ’ਤੇ ਰੋਟੇਸ਼ਨਲ ਰਾਖਵਾਂਕਰਨ ਹੋਵੇ।
ਯੂਨੀਵਰਸਿਟੀ ਕੈਂਪਸ ਵਿੱਚ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੜਕੀਆਂ ਦੇ ਹੋਸਟਲ ਨੇੜੇ ਪਿੰਕ ਪੁਲੀਸ ਬੂਥ ਲਗਵਾਉਣ ਦੇ ਯਤਨ ਕੀਤੇ ਜਾਣਗੇ। ਕੈਂਪਸ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾ ਕੇ ਅਤੇ ਬਿਹਤਰ ਰੋਸ਼ਨੀ ਰਾਹੀਂ ਨਿਗਰਾਨੀ ਨੂੰ ਵਧਾਇਆ ਜਾਵੇਗਾ। ਕੈਂਪਸ ਵਿੱਚ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਤੁਰੰਤ ਕਾਰਵਾਈ ਕਰਨ ਲਈ ਇੱਕ ਸਮਰਪਿਤ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਜਾਵੇਗਾ।
ਲੜਕੀਆਂ ਦੇ ਸਾਰੇ ਹੋਸਟਲਾਂ ਅਤੇ ਵਿਭਾਗਾਂ ਵਿੱਚ ਉੱਚਿਤ ਸਵੱਛਤਾ, ਵਿਦਿਆਰਥਣਾਂ ਲਈ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ ਸਣੇ ਯੂਨੀਵਰਸਿਟੀ ਵਿੱਚ ਵੱਖ-ਵੱਖ ਸਥਾਨਾਂ ’ਤੇ ਵੈਂਡਿੰਗ ਮਸ਼ੀਨਾਂ ਰਾਹੀਂ ਸੈਨੇਟਰੀ-ਪੈਡ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਏਬੀਵੀਪੀ ਦੀ ਵਚਨਬੱਧਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੋਰ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ-ਨਾਲ ਇਸ ਮੈਨੀਫੈਸਟੋ ਦੇ ਰਾਹੀਂ ਏਬੀਵੀਪੀ ਹਰ ਵਿਦਿਆਰਥਣ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਦੇਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਤਾਂ ਜੋ ਇੱਕ ਵਿਦਿਆਰਥੀ ਯੂਨੀਅਨ ਦਾ ਗਠਨ ਕੀਤਾ ਜਾ ਸਕੇ ਜਿਸ ਦਾ ਉਦੇਸ਼ ਵਿਦਿਆਰਥਣਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨਾ ਹੈ।
ਮੈਨੀਫੈਸਟੋ ਰਿਲੀਜ਼ ਦੌਰਾਨ ਏਬੀਵੀਪੀ ਦੇ ਵਰਕਰਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਆਪਣੀ ਸਮਰੱਥਾ ਵਿੱਚ ਵਿਸ਼ਵਾਸ ਪ੍ਰਗਟਾਇਆ।

Advertisement
Advertisement
Author Image

Advertisement
×