ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਅਕਤੂਬਰ
ਇੱਥੇ ਵਾਰਡ ਨੰਬਰ ਚਾਰ ਦੇ ਮੁਹੱਲਾ ਟਿੱਬਿਆਂ ਵਾਲਾ ਦੇ ਮੁਹੰਮਦ ਅਸਗਰ ਦੇ ਨੇੜਲੇ ਪਿੰਡ ਬਿੰਜੋਕੀ ਖੁਰਦ ਸਥਿਤ ਮਦਰੱਸਾ ਇਮਦਾਦੁਲ ਉਲੂਮ ਵਿੱਚ ਧਾਰਮਿਕ ਵਿਦਿਆ ਹਾਸਲ ਕਰ ਰਹੇ 12 ਸਾਲਾ ਪੁੱਤਰ ਦੀ ਮਦਰੱਸੇ ਦੇ ਇੱਕ ਅਧਿਆਪਕ ਨੇ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲੀਸ ਨੇ ਮਦਰੱਸੇ ਦੇ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਤੇ ਵਿਦਿਆਰਥੀ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਹਸਪਤਾਲ ’ਚ ਦਾਖ਼ਲ ਵਿਦਿਆਰਥੀ ਨੇ ਦੱਸਿਆ ਕਿ ਉਹ ਰਾਤ ਸਮੇਂ ਮਦਰੱਸੇ ਦੇ ਹੋਰਨਾਂ ਵਿਦਿਆਰਥੀਆਂ ਨਾਲ ਹੱਸ-ਖੇਡ ਰਿਹਾ ਸੀ। ਰੌਲੇ ਕਾਰਨ ਮਦਰੱਸੇ ’ਚ ਸੁੱਤੇ ਪਏ ਅਧਿਆਪਕ ਮੁਹੰਮਦ ਗੁਫਾਰ ਦੀ ਅੱਖ ਖੁੱਲ੍ਹ ਗਈ, ਜਿਸ ਤੋਂ ਖ਼ਫਾ ਹੋ ਕੇ ਅਧਿਆਪਕ ਨੇ ਉਸ ਨੂੰ ਮੂਧਾ ਪਾ ਕੇ ਪਲਾਸਟਿਕ ਦੀ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ। ਵਿਦਿਆਰਥੀ ਦੇ ਪਿਤਾ ਮੁਹੰਮਦ ਅਸਗਰ ਅਤੇ ਮਾਤਾ ਸਾਜਿਦਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 12 ਸਾਲਾ ਪੁੱਤਰ ਨੂੰ ਧਾਰਮਿਕ ਵਿੱਦਿਆ ਦਿਵਾਉਨ ਲਈ ਦੋ ਕੁ ਮਹੀਨੇ ਪਹਿਲਾਂ ਹੀ ਉਕਤ ਮਦਰੱਸੇ ’ਚ ਦਾਖ਼ਲ ਕਰਵਾਇਆ ਸੀ। ਉਨ੍ਹਾਂ ਦੇ ਪੁੱਤਰ ਦੀ ਮਦਰੱਸੇ ਦੇ ਅਧਿਆਪਕ ਵੱਲੋਂ ਕੁੱਟਮਾਰ ਦੀ ਇਤਲਾਹ ਉਨ੍ਹਾਂ ਨੂੰ ਕਿਸੇ ਅਗਿਆਤ ਵਿਅਕਤੀ ਨੇ ਦਿੱਤੀ। ਮਦਰੱਸਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬੱਚੇ ਦੀ ਕੁੱਟਮਾਰ ਦੀ ਇਤਲਾਹ ਦੇਣੀ ਵੀ ਮੁਨਾਸਬਿ ਨਹੀਂ ਸਮਝੀ। ਪਤਾ ਲੱਗਦਿਆਂ ਹੀ ਉਹ ਬੱਚੇ ਨੂੰ ਲੈਣ ਮਦਰਸੇ ਪਹੁੰਚ ਗਏ। ਮਦਰੱਸਾ ਪ੍ਰਬੰਧਕਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਬੱਚਾ ਦੇਣ ਲਈ ਕਾਫੀ ਆਨਾਕਾਨੀ ਕੀਤੀ। ਉਨ੍ਹਾਂ ਨੇ ਮਦਰੱਸੇ ਤੋਂ ਬੱਚੇ ਨੂੰ ਲਿਆ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ। ਜਦ ਮਾਮਲੇ ਬਾਰੇ ਮਦਰੱਸੇ ਦੇ ਪ੍ਰਬੰਧਕ ਦਾ ਪੱਖ ਜਾਣਨ ਲਈ ਮੋਬਾਈਲ ਫ਼ੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਅਮਰਗੜ੍ਹ ਪੁਲੀਸ ਨੇ ਵਿਦਿਆਰਥੀ ਦੇ ਭਰਾ ਮੁਹੰਮਦ ਲੁਕਮਾਨ ਦੇ ਬਿਆਨਾਂ ‘ਤੇ ਮੁਹੰਮਦ ਗੁਫਾਰ ਵਾਸੀ ਬਿੰਜੋਕੀ ਖੁਰਦ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।