ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਗਿਆਨਕ ਚੇਤਨਾ ਲਈ ਵਿਦਿਆਰਥੀ ਚੇਤਨਾ ਪ੍ਰੀਖਿਆਵਾਂ

07:27 AM Jan 04, 2025 IST

ਸੁਮੀਤ ਸਿੰਘ

Advertisement

ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਅਤੇ ਜੇਕਰ ਇਹ ਵਿੱਦਿਆ ਮੁੱਖ ਤੌਰ ’ਤੇ ਵਿਗਿਆਨਕ ਤੇ ਸਮਾਜਿਕ ਚੇਤਨਾ ਅਤੇ ਨੈਤਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਹੋਵੇ ਤਾਂ ਸਮਾਜ ਨੂੰ ਲੋਕ ਪੱਖੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਵੱਲ ਸੇਧਿਤ ਕਰ ਕੇ ਵਿਕਸਤ ਸਮਾਜ ਅਤੇ ਢਾਂਚਾ ਸਿਰਜਿਆ ਜਾ ਸਕਦਾ ਹੈ। ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਭਾਵੇਂ ਵਿਗਿਆਨ ਅਤੇ ਤਕਨਾਲੋਜੀ ਦੀ ਮਦਦ ਨਾਲ ਚੰਦਰਯਾਨ-3 ਰਾਹੀਂ ਚੰਦਰਮਾ ਉਤੇ ਪਹੁੰਚ ਕਰ ਕੇ ਪੂਰੀ ਦੁਨੀਆ ਵਿੱਚ ਆਪਣੀ ਵਿਗਿਆਨਕ ਪ੍ਰਾਪਤੀ ਦਾ ਲੋਹਾ ਮੰਨਵਾਇਆ ਹੈ ਪਰ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਚਲਾ ਫ਼ਾਸਲਾ ਸਾਡੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਬਣਿਆ ਹੋਇਆ ਹੈ। ਸਾਡੇ ਦੇਸ਼ ਦੀ ਸਕੂਲੀ ਸਿੱਖਿਆ ਸਿਲੇਬਸ ਵਿੱਚ ਜਿ਼ਆਦਾਤਰ ਗੈਰ-ਵਿਗਿਆਨਕ, ਰੂੜੀਵਾਦੀ ਅਤੇ ਮਿਥਿਹਾਸਕ ਪਾਠਕ੍ਰਮਾਂ ਦੀ ਭਰਮਾਰ ਹੈ ਜੋ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਹੋਣ ਤੋਂ ਰੋਕਦੇ ਹਨ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਵਹਿਮ-ਭਰਮ, ਅੰਧ-ਵਿਸ਼ਵਾਸ, ਨਿਰਾਸ਼ਾਵਾਦੀ ਅਤੇ ਸਮਾਜਿਕ ਅਲਾਮਤਾਂ ਫੈਲਣ ਦਾ ਕਾਰਨ ਵੀ ਬਣਦੇ ਹਨ।
ਅਫ਼ਸੋਸਨਾਕ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਆਸੀ ਫ਼ਿਰਕੂ ਏਜੰਡੇ ਹੇਠ ਪਿਛਲੇ ਦਸ ਸਾਲਾਂ ਤੋਂ ਵਿਦਿਆਰਥੀਆਂ ਤੋਂ ਬੋਝ ਘਟਾਉਣ ਦੇ ਨਾਂ ਹੇਠ ਸਿੱਖਿਆ ਪਾਠਕ੍ਰਮ ਚੋਂ ਵਿਗਿਆਨਕ ਚੇਤਨਾ, ਡਾਰਵਿਨ ਦਾ ਜੀਵ ਵਿਕਾਸ ਸਿਧਾਂਤ, ਮਨੁੱਖ ਦੀ ਉਤਪਤੀ, ਜਮਹੂਰੀਅਤ, ਧਰਮ ਨਿਰਪੱਖਤਾ, ਫੈਡਰਲ ਢਾਂਚਾ, ਜਮਹੂਰੀ ਅਧਿਕਾਰ, ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ, ਊਰਜਾ ਦੇ ਸੋਮੇ, ਮੁਗਲਾਂ ਦਾ ਇਤਿਹਾਸ, ਇਨਕਲਾਬੀ ਕਵਿਤਾਵਾਂ ਆਦਿ ਨਾਲ ਸਬੰਧਿਤ ਬੁਨਿਆਦੀ ਅਤੇ ਮਹੱਤਵਪੂਰਨ ਪਾਠਕ੍ਰਮਾਂ ਨੂੰ ਬਾਹਰ ਕੱਢ ਕੇ ਜੋਤਿਸ਼, ਵਾਸਤੂ ਸ਼ਾਸਤਰ ਸਮੇਤ ਕਈ ਤਰ੍ਹਾਂ ਦੇ ਰੂੜੀਵਾਦੀ, ਮਿਥਿਹਾਸਕ ਅਤੇ ਪਿਛਾਂਹ ਖਿੱਚੂ ਪਾਠਕ੍ਰਮ ਸ਼ਾਮਿਲ ਕੀਤੇ ਗਏ ਹਨ ਜੋ ਵਿਦਿਆਰਥੀਆਂ, ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਘਾਤਕ ਸਾਬਤ ਹੋ ਰਹੇ ਹਨ।
ਭਾਰਤੀ ਸੰਵਿਧਾਨ ਦੀ ਧਾਰਾ 51-ਏ(ਐੱਚ) ਅਨੁਸਾਰ ਹਰੇਕ ਭਾਰਤੀ ਨਾਗਰਿਕ ਦਾ ਇਹ ਸੰਵਿਧਾਨਕ ਫਰਜ਼ ਹੈ ਕਿ ਉਹ ਸਮਾਜ ਵਿਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਦੀ ਭਾਵਨਾ ਵਿਕਸਤ ਕਰਨ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਕੁਦਰਤੀ ਅਤੇ ਗ਼ੈਰ-ਕੁਦਰਤੀ ਘਟਨਾਵਾਂ ਨੂੰ ਜਾਨਣ ਅਤੇ ਉਨ੍ਹਾਂ ਵਿਚ ਸੁਧਾਰ ਕਰਨ ਦੀ ਭਾਵਨਾ ਵਿਕਸਤ ਕਰਨ ਦੇ ਯਤਨ ਕਰੇ। ਹਕੀਕਤ ਵੀ ਇਹ ਹੈ ਕਿ ਬੰਦੇ ਨੂੰ ਸਿਹਤਮੰਦ ਤੇ ਸਵੈ-ਵਿਸ਼ਵਾਸੀ ਬਣਾਉਣ ਅਤੇ ਬਿਹਤਰ ਸਮਾਜ ਦੀ ਸਿਰਜਣਾ ਕਰਨ ਲਈ ਉਸ ਦਾ ਵਿਗਿਆਨਕ ਅਤੇ ਸੰਘਰਸ਼ਸ਼ੀਲ ਸੋਚ ਨਾਲ ਲੈਸ ਹੋਣਾ ਜ਼ਰੂਰੀ ਹੈ।
ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਪਿਛਲੇ ਛੇ ਸਾਲ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀ ਚੇਤਨਾ ਦੀ ਪਰਖ ਲਈ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿਚ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਵਹਿਮਾਂ-ਭਰਮਾਂ ਤੇ ਹਰ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਨਾ ਅਤੇ ਸਮਾਜ ਦੇ ਅਸਲ ਨਾਇਕਾਂ ਵਿਗਿਆਨੀਆਂ, ਦਾਰਸ਼ਨਿਕਾਂ, ਸਿੱਖਿਆ ਸ਼ਾਸਤਰੀਆਂ, ਅਮਰ ਸ਼ਹੀਦਾਂ ਅਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਉੱਚ ਨੈਤਿਕ ਕਦਰਾਂ-ਕੀਮਤਾਂ, ਸਵੈ-ਵਿਸ਼ਵਾਸ ਅਤੇ ਸੰਘਰਸ਼ ਕਰਨ ਦੀ ਭਾਵਨਾ ਦੇ ਧਾਰਨੀ ਬਣ ਕੇ ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਇਸ ਪ੍ਰੀਖਿਆ ਲਈ ਸੁਸਾਇਟੀ ਵੱਲੋਂ ਹਰ ਸਾਲ ਮਿਡਲ (ਛੇਵੀਂ ਤੋਂ ਅੱਠਵੀਂ) ਅਤੇ ਸੈਕੰਡਰੀ (ਨੌਵੀਂ ਤੋਂ ਬਾਰ੍ਹਵੀਂ) ਗਰੁੱਪਾਂ ਲਈ ਦੋ ਵੱਖ-ਵੱਖ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਤੋਂ ਦੋ ਮਹੀਨੇ ਪਹਿਲਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਅਬਜੈਕਟਿਵ ਟਾਈਪ ਦੇ 100 ਪ੍ਰਸ਼ਨਾਂ ’ਤੇ ਆਧਾਰਿਤ ਪ੍ਰੀਖਿਆ ਲਈ ਜਾਂਦੀ ਹੈ। ਇਸ ਪ੍ਰੀਖਿਆ ਵਿਚ ਸੂਬੇ, ਜ਼ੋਨ ਅਤੇ ਇਕਾਈ ਪੱਧਰ ’ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਕਿਤਾਬਾਂ, ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੀਖਿਆ ਵਿਚ ਬਿਹਤਰ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ। ਅਜਿਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸੂਬੇ, ਜ਼ੋਨ ਅਤੇ ਇਕਾਈ ਪੱਧਰ ’ਤੇ ਵਿਸ਼ੇਸ਼ ਸਨਮਾਨ ਸਮਾਗਮ ਕੀਤੇ ਜਾਂਦੇ ਹਨ।
ਇਸ ਵਾਰ ਦਾ ਸੂਬਾਈ ਸਨਮਾਨ ਸਮਾਗਮ 22 ਦਸੰਬਰ ਨੂੰ ਬਰਨਾਲਾ ਵਿੱਚ ਕੀਤਾ ਗਿਆ ਜਿਸ ਵਿਚ 30 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਉੱਘੇ ਚਿੰਤਕ ਹਰਵਿੰਦਰ ਭੰਡਾਲ ਨੇ ਕਿਹਾ ਕਿ ਵਿਗਿਆਨਕ ਚੇਤਨਾ ਅੱਜ ਤੱਕ ਦੇ ਮਨੁੱਖੀ ਵਿਕਾਸ ਦਾ ਮੁੱਖ ਆਧਾਰ ਹੈ ਪਰ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਅੰਧ-ਵਿਸ਼ਵਾਸ, ਰੂੜ੍ਹੀਵਾਦੀ ਅਤੇ ਮਿਥਹਾਸਕ ਪਾਠਕ੍ਰਮ ਸ਼ਾਮਿਲ ਕਰ ਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਤੋਂ ਵਾਂਝੇ ਕੀਤਾ ਹੈ।
ਇਸ ਚੇਤਨਾ ਪਰਖ ਪ੍ਰੀਖਿਆ ਲਈ ਸਕੂਲ ਮੁਖੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹਰ ਸਾਲ ਵੱਡਾ ਹੁੰਗਾਰਾ ਮਿਲ ਰਿਹਾ ਹੈ। ਹਰ ਸਾਲ ਵਿਦਿਆਰਥੀਆਂ, ਸਕੂਲਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧ ਰਹੀ ਹੈ। 2017 ਤੋਂ ਸ਼ੁਰੂ ਇਸ ਚੇਤਨਾ ਪ੍ਰੀਖਿਆ ਲਈ ਪਹਿਲੇ ਸਾਲ ਲਗਭਗ 5500, ਦੂਜੇ ਸਾਲ 10600, ਤੀਜੇ ਸਾਲ 17240 (2020 ਤੇ 2021 ਕਰੋਨਾ ਵਾਲਾ ਸਮਾਂ ਛੱਡ ਕੇ) ਚੌਥੇ ਸਾਲ 25075, ਪੰਜਵੇਂ ਸਾਲ 36253 ਅਤੇ ਇਸ ਸਾਲ ਕੁੱਲ 30585 ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕੀਤੀ ਗਈ। ਇਹ ਪ੍ਰੀਖਿਆਵਾਂ ਵੱਖ-ਵੱਖ ਸਾਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ, ਇਤਿਹਾਸਕ ਕਿਸਾਨ ਅੰਦੋਲਨ ਅਤੇ ਦੁਨੀਆ ਦੇ ਮਹਾਨ ਵਿਗਿਆਨੀਆਂ ਸਟੀਫਨ ਹਾਕਿੰਗ ਤੇ ਚਾਰਲਸ ਡਾਰਵਿਨ ਨੂੰ ਸਮਰਪਿਤ ਕੀਤੀਆਂ ਗਈਆਂ ਹਨ।
ਇਸ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਦੋ ਪੜਾਵਾਂ ਵਿੱਚ ਕਰਵਾਈ ਛੇਵੀਂ ਚੇਤਨਾ ਪ੍ਰੀਖਿਆ ਬਾਰੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪ੍ਰੀਖਿਆ ਲਈ ਜਾਰੀ ਕਿਤਾਬਾਂ ਵਿਚਲੇ ਪਾਠਕ੍ਰਮ ਪੜ੍ਹ ਕੇ ਰਵਾਇਤੀ ਸਿੱਖਿਆ ਤੋਂ ਬਿਲਕੁਲ ਹਟਵਾਂ ਨਵਾਂ ਗਿਆਨ, ਵਿਗਿਆਨ, ਨੈਤਿਕ ਕਦਰਾਂ-ਕੀਮਤਾਂ ਅਤੇ ਵਿਗਿਆਨਕ ਚੇਤਨਾ ਉਨ੍ਹਾਂ ਦੀ ਜਿ਼ੰਦਗੀ ਦਾ ਹਿੱਸਾ ਬਣੇ ਹਨ। ਇਨ੍ਹਾਂ ਕਿਤਾਬਾਂ ਦਾ ਅਧਿਐਨ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਚਮਤਕਾਰਾਂ ਅਤੇ ਸਮਾਜਿਕ ਬੁਰਾਈਆਂ ਨੂੰ ਸਮਝਣ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਪ੍ਰੀਖਿਆ ਬਾਰੇ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਕਿਹਾ ਕਿ ਵਿਗਿਆਨ ਦੇ ਮੌਜੂਦਾ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਧਾਗੇ-ਤਵੀਤਾਂ, ਜਨਮ ਟੇਵਿਆਂ, ਕਿਸਮਤਵਾਦ, ਰਾਸ਼ੀ ਫਲ, ਨਸ਼ਿਆਂ, ਭ੍ਰਿਸ਼ਟਾਚਾਰ, ਜਾਤ-ਪਾਤ, ਫਿਰਕਾਪ੍ਰਸਤੀ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜਿ਼ੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ, ਸਖ਼ਤ ਮਿਹਨਤ, ਸਵੈ-ਵਿਸ਼ਵਾਸ, ਜਮਹੂਰੀਅਤ, ਧਰਮ ਨਿਰਪੱਖਤਾ, ਸਮਾਜਿਕ ਨਿਆਂ, ਸਚਾਈ, ਬਰਾਬਰੀ, ਇਨਸਾਨੀਅਤ ਆਦਿ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਲਈ ਵਿਦਿਅਕ ਅਦਾਰਿਆਂ ਵਿਚ ਸਮੇਂ-ਸਮੇਂ ਉਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਕਰਵਾਉਣੀਆਂ ਜ਼ਰੂਰੀ ਹਨ।
ਦੁਨੀਆ ਦੇ ਵਿਕਸਤ ਦੇਸ਼ ਵਿਗਿਆਨਕ ਸੋਚ ਦੇ ਜ਼ਰੀਏ ਵਿਗਿਆਨ ਅਤੇ ਤਕਨੀਕ ਵਿਚ ਪੁਲਾਂਘਾਂ ਪੁੱਟਦੇ ਹੋਏ ਲਗਾਤਾਰ ਵਿਕਾਸ ਕਰ ਰਹੇ ਹਨ ਅਤੇ ਆਪਣੇ ਨਾਗਰਿਕਾਂ ਲਈ ਰੁਜ਼ਗਾਰ, ਆਧੁਨਿਕ ਸਿੱਖਿਆ ਤੇ ਸਿਹਤ ਸਹੂਲਤਾਂ ਯਕੀਨੀ ਬਣਾ ਕੇ ਉਨ੍ਹਾਂ ਦੇ ਜੀਵਨ ਮਿਆਰ ਅਤੇ ਔਸਤ ਉਮਰ ਵਿਚ ਵਾਧਾ ਕਰ ਰਹੇ ਹਨ ਪਰ ਸਾਡੀਆਂ ਹਕੂਮਤਾਂ ਅਤੇ ਸਿਆਸਤਦਾਨ ਆਪਣੀ ਜਨਤਾ ਨੂੰ ਅਜੇ ਵੀ ਪਾਖੰਡਵਾਦ, ਡੇਰਾਵਾਦ, ਬਾਬਾਵਾਦ, ਰੂੜੀਵਾਦ ਅਤੇ ਫਿਰਕਾਪ੍ਰਸਤੀ ਵਿਚ ਫਸਾ ਕੇ ਉਨ੍ਹਾਂ ਨੂੰ ਅੰਧ-ਵਿਸ਼ਵਾਸ ਅਤੇ ਫ਼ਿਰਕੂ ਨਫਰਤ ਦੇ ਹਨੇਰਿਆਂ ਦੀ ਦਲਦਲ ਵਿੱਚ ਸੁੱਟ ਰਹੇ ਹਨ। ਅਫ਼ਸੋਸਨਾਕ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਅਤੇ ਪੰਜਵੀਂ ਆਰਥਿਕ ਤਾਕਤ ਬਣਾਉਣ ਦਾ ਦਾਅਵਾ ਕਰਨ ਵਾਲੇ ਹੁਕਮਰਾਨਾਂ ਵੱਲੋਂ ਕਿਸੇ ਵੀ ਵਿਗਿਆਨਕ ਪ੍ਰਾਪਤੀ ਦਾ ਸਿਹਰਾ ਵਿਗਿਆਨ ਅਤੇ ਵਿਗਿਆਨੀਆਂ ਨੂੰ ਦੇਣ ਦੀ ਥਾਂ ਉਸ ਮੌਕੇ ਪੁਜਾਰੀ ਵਰਗ ਰਾਹੀਂ ਰੂੜ੍ਹੀਵਾਦੀ ਰਸਮਾਂ, ਪਾਠ ਪੂਜਾ, ਮੰਤਰਾਂ ਦੇ ਜਾਪ ਦਾ ਗੁਣਗਾਣ ਕਰਵਾਇਆ ਜਾਂਦਾ ਹੈ। ਇਸ ਲਈ ਭਾਰਤੀ ਸਮਾਜ ਵਿਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨ ਲਈ ਸਰਕਾਰਾਂ ਵੱਲੋਂ ਸੰਵਿਧਾਨ ਦੀ ਧਾਰਾ 51- ਏ (ਐੱਚ) ਨੂੰ ਸਹੀ ਅਮਲ ਵਿੱਚ ਲਾਗੂ ਕਰਨ ਅਤੇ ਪ੍ਰਗਤੀਸ਼ੀਲ ਅਤੇ ਜਮਹੂਰੀ ਸੰਸਥਾਵਾਂ ਦੇ ਨਾਲ-ਨਾਲ ਮੀਡੀਆ ਵੱਲੋਂ ਬਹੁਤ ਵੱਡੇ ਪੱਧਰ ’ਤੇ ਯਤਨ ਜੁਟਾਉਣ ਦੀ ਲੋੜ ਹੈ।
ਜ਼ਾਹਿਰ ਹੈ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਵਿਗਿਆਨਕ ਤੇ ਸਮਾਜਿਕ ਚੇਤਨਾ ਅਤੇ ਆਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ ਕਰਨ ਲਈ ਅਗਾਂਹਵਧੂ ਨੈਤਿਕ ਕਦਰਾਂ-ਕੀਮਤਾਂ ਉਸਾਰਨ ਦੀ ਲੋੜ ਹੈ। ਅਜਿਹੀਆਂ ਚੇਤਨਾ ਪ੍ਰੀਖਿਆਵਾਂ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਸੰਪਰਕ: 76960-30173

Advertisement
Advertisement