For the best experience, open
https://m.punjabitribuneonline.com
on your mobile browser.
Advertisement

ਸੁਫ਼ਨੇ ਤੇ ਅੜਿੱਕੇ

06:11 AM Aug 13, 2024 IST
ਸੁਫ਼ਨੇ ਤੇ ਅੜਿੱਕੇ
Advertisement

ਗੁਰਦੀਪ ਢੁੱਡੀ

Advertisement

ਜਿਵੇਂ ਹੀ ਜ਼ਿਲ੍ਹੇ ਦੇ ਮੋਹਰੀ ਸ਼ਹਿਰੀ ਸਕੂਲ ਵਿਚ ਤਾਇਨਾਤੀ ਦਾ ਪਤਾ ਲੱਗਿਆ, ਮੇਰੇ ਅੰਦਰਲਾ ਅਧਿਆਪਕ ਚੌਕਸ ਹੋ ਗਿਆ। ਅਸਲ ਵਿਚ ਇਸ ਤੋਂ ਪਹਿਲਾਂ ਦੋ ਸ਼ਹਿਰੀ ਸਕੂਲਾਂ ਵਿਚ ਤਾਇਨਾਤ ਰਿਹਾ ਸਾਂ ਤੇ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਸਾਂ ਕਿ ਇਨ੍ਹਾਂ ਸਕੂਲਾਂ ਵਿੱਚ ਪ੍ਰਾਪਤ ਸਹੂਲਤਾਂ ਇੰਨੀਆਂ ਹੁੰਦੀਆਂ ਹਨ ਕਿ ਤੁਸੀਂ ਜੋ ਚਾਹੋ, ਉਹ ਪ੍ਰਾਪਤ ਕਰ ਸਕਦੇ ਹੋ। ਅਧਿਆਪਕ ਲੋੜ ਨਾਲੋਂ ਕਿਤੇ ਜਿ਼ਆਦਾ ਹੁੰਦੇ ਤੇ ਆਰਥਿਕ ਵਸੀਲਿਆਂ ਦੀ ਵੀ ਕੋਈ ਘਾਟ ਨਹੀਂ ਹੁੰਦੀ।
ਇਉਂ ਸਕੂਲ ਵਿਚ ਹਾਜ਼ਰ ਹੁੰਦਿਆਂ ਹੀ ਸਿੱਖਿਆ ਲਈ ਲਏ ਸੁਫ਼ਨਿਆਂ ਦੀ ਪੂਰਤੀ ਲਈ ਅਹੁਲਣਾ ਸ਼ੁਰੂ ਕਰ ਦਿੱਤਾ। ਉਂਝ, ਛੇਤੀ ਹੀ ਅਹਿਸਾਸ ਹੋ ਗਿਆ ਕਿ ਜਿਸ ਤਰ੍ਹਾਂ ਮੈਂ ਸੋਚਦਾ ਹਾਂ, ਇੱਥੇ ਉਸੇ ਤਰ੍ਹਾਂ ਕਰਨਾ ਓਨਾ ਆਸਾਨ ਨਹੀਂ। ਇੱਥੇ ਤਾਇਨਾਤ ਬਹੁਗਿਣਤੀ ਅਧਿਆਪਕ ਸਮਾਜ ਵਿਚ ‘ਵਾਹਵਾ ਚੰਗੀ ਹੈਸੀਅਤ’ ਰੱਖਣ ਵਾਲੇ ਸਨ ਅਤੇ ਕੰਮ ਕਰਨਾ ਜਾਂ ਨਾ ਕਰਨਾ ਕੇਵਲ ਸਕੂਲ ਮੁਖੀ ਅਨੁਸਾਰ ਹੀ ਨਹੀਂ ਹੋ ਸਕਣਾ, ਫਿਰ ਵੀ ਮੈਂ ਤਾਂ ਧੁਨ ’ਤੇ ਸਵਾਰ ਹੋ ਚੁੱਕਿਆ ਸਾਂ...।
ਜ਼ਿਲ੍ਹੇ ਦਾ ਮੋਹਰੀ ਸ਼ਹਿਰੀ ਸਕੂਲ ਹੋਣ ਕਰ ਕੇ ਜ਼ਿਲ੍ਹੇ ਦੇ ਪ੍ਰਬੰਧਕੀ ਮਸ਼ੀਨਰੀ ਦੇ ਕੰਮਾਂ ਦਾ ਬੋਝ ਵੀ ਅਕਸਰ ਸਕੂਲ ’ਤੇ ਪਿਆ ਰਹਿੰਦਾ ਸੀ। ਆਜ਼ਾਦੀ ਅਤੇ ਗਣਤੰਤਰ ਦਿਵਸ ਜ਼ਿਲ੍ਹਾ ਪੱਧਰ ’ਤੇ ਨਹਿਰੂ ਸਟੇਡੀਅਮ ਵਿਚ ਮਨਾਏ ਜਾਂਦੇ ਹਨ ਜਿੱਥੇ ਆਮ ਤੌਰ ’ਤੇ ਮੰਤਰੀ ਝੰਡਾ ਲਹਿਰਾਉਂਦੇ ਅਤੇ ਜਨਤਾ ਨੂੰ ਸੰਬੋਧਨ ਕਰਦੇ ਹਨ। ਇਸ ਸਮੇਂ ਹੋਰ ਕਾਰਜਾਂ ਦੇ ਇਲਾਵਾ ਵਿਦਿਆਰਥੀਆਂ ਦਾ ਪੀਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਕੀਤਾ ਜਾਂਦਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਭਾਗ ਲੈਂਦੀਆਂ ਹਨ। 15 ਅਗਸਤ ਅਤੇ 26 ਜਨਵਰੀ ਵਾਲੇ ਦਿਨ ਸਾਰੇ ਅਧਿਆਪਕਾਂ ਨੇ ਸਟੇਡੀਅਮ ਵਿਚ ਇਨ੍ਹਾਂ ਤਿਉਹਾਰਾਂ ਦੀ ਰੌਣਕ ਵਿਚ ਵਾਧਾ ਕਰਨਾ ਹੁੰਦਾ ਹੈ। ਪ੍ਰੋਗਰਾਮ ਵਾਲੇ ਦਿਨ ਵਿਦਿਆਰਥੀ ਕੇਵਲ ਪੀਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਵਾਲੇ ਹੀ ਇੱਥੇ ਸੱਦੇ ਜਾਂਦੇ ਹਨ। ਵੈਸੇ ਵੀ ਇੱਥੇ ਇਨ੍ਹਾਂ ਦਿਨਾਂ ਦੇ ਇਤਿਹਾਸ ਮਨਾਏ ਜਾਣ ਦੇ ਕਾਰਨਾਂ ਅਤੇ ਹੋਰ ਅਜਿਹੇ ਵਿਸ਼ਿਆਂ ਨੂੰ ਅਛੂਤਾ ਛੱਡਿਆ ਜਾਂਦਾ ਹੈ ਜਿਨ੍ਹਾਂ ਦਾ ਵਿਦਿਆਰਥੀਆਂ ਨੂੰ ਗਿਆਨ ਦੇਣਾ ਚਾਹੀਦਾ ਹੈ। ਦਿਮਾਗ ਵਿਚ ਆਜ਼ਾਦੀ ਦਿਵਸ ਤੋਂ ਪਹਿਲਾਂ ਹੱਦਾਂ-ਸਰਹੱਦਾਂ ਦੀ ਪਰਵਾਹ ਨਾ ਕਰਦਿਆਂ ਕੁਲਦੀਪ ਨਈਅਰ ਵਰਗੇ ਵਿਦਵਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਇੱਥੇ ਸ਼ਾਂਤੀ ਦਾ ਸੰਦੇਸ਼ ਦਿੰਦੀਆਂ ਮੋਮਬੱਤੀਆਂ ਦੀ ਰੋਸ਼ਨੀ ਕੀਤੀ ਜਾਂਦੀ ਹੈ।
ਕੁਝ ਅਜਿਹੇ ਕਾਰਨਾਂ ਕਰ ਕੇ ਮਨ ਵਿਚ ਆਇਆ ਕਿ ਇਨ੍ਹਾਂ ਕੌਮੀ ਤਿਉਹਾਰਾਂ ਦੇ ਪਿਛੋਕੜ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਉਣ ਬਾਰੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਮੈਂ 26 ਜਨਵਰੀ ਅਤੇ 15 ਅਗਸਤ ਤੋਂ ਪਹਿਲੇ ਕੰਮ ਵਾਲੇ ਦਿਨਾਂ ਵਿਚ ਇਸ ਬਾਰੇ ਪ੍ਰੋਗਰਾਮ ਕਰਨ ਦਾ ਮਨ ਬਣਾ ਲਿਆ। ਇਨ੍ਹਾਂ ਦਿਨਾਂ ਵਿਚ ਵਿਸ਼ੇਸ਼ ਮਹਿਮਾਨਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂੁ-ਬ-ਰੂ ਕਰਨ ਦਾ ਪ੍ਰਬੰਧ ਕੀਤਾ ਗਿਆ। 15 ਅਗਸਤ ’ਤੇ ਪ੍ਰਸਿੱਧ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ, ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਅਤੇ ਹੋਰ ਵਿਦਵਾਨਾਂ ਨੂੰ ਬੁਲਾਇਆ। ਵਿਦਿਆਰਥੀਆਂ ਦੇ ਪ੍ਰੋਗਰਾਮਾਂ ਤੋਂ ਇਲਾਵਾ ਵਿਦਵਾਨਾਂ ਨੇ ਬਹੁ-ਮੁੱਲੇ ਵਿਚਾਰ ਵਿਦਿਆਰਥੀਆਂ ਸਾਹਮਣੇ ਰੱਖੇ। ਗਣਤੰਤਰ ਦਿਵਸ ’ਤੇ ਵੀ ਕੁਝ ਇਸੇ ਤਰ੍ਹਾਂ ਕੀਤਾ।
ਦੋ ਵਾਰੀਆਂ ਸੁੱਖ-ਸਾਂਦੀ ਲੰਘ ਗਈਆਂ। ਅਗਲੀ ਵਾਰੀ ਵਿਦਵਾਨ ਲੇਖਕ ਤੇ ਆਜ਼ਾਦੀ ਤੋਂ ਪਹਿਲਾਂ ਜਵਾਨੀ ਦੇਖਣ ਵਾਲੇ ਹਰਜਿੰਦਰ ਸਿੰਘ ਤਾਂਘੜੀ ਉਰਫ਼ ਚਾਚਾ ਜੀ ਨੂੰ ਬੁਲਾਇਆ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਆਜ਼ਾਦੀ ਮਿਲਣ ਸਮੇਂ ਦੇਸ਼ ਦੀ ਵੰਡ ਵੇਲੇ ਦੇ ਹਾਲਾਤ ਨੂੰ ਦੇਖਿਆ ਅਤੇ ਹੰਢਾਇਆ ਹੈ, ਉਹ ਵਿਦਿਆਰਥੀਆਂ ਨੂੰ ਦੱਸਣ। ਵਡੇਰੀ ਉਮਰ ਕਾਰਨ ਉਨ੍ਹਾਂ ਦੀ ਸਿਹਤ ਬਹੁਤੀ ਮੁਸ਼ੱਕਤ ਦੀ ਆਗਿਆ ਨਹੀਂ ਦਿੰਦੀ ਸੀ, ਫਿਰ ਵੀ ਉਨ੍ਹਾਂ ਬੇਨਤੀ ਸਵੀਕਾਰ ਕਰ ਲਈ ਤੇ ਚੌਦਾਂ ਅਗਸਤ ਨੂੰ ਸਕੂਲ ਆ ਗਏ। ਪ੍ਰੋਗਰਾਮ ਵਧੀਆ ਦਿਸ਼ਾ ਵੱਲ ਜਾ ਰਿਹਾ ਸੀ, ਵਿਦਿਆਰਥੀ ਆਜ਼ਾਦੀ ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ, ਚਾਚਾ ਜੀ ਨੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਭਾਸ਼ਣ ਚੱਲ ਹੀ ਰਿਹਾ ਸੀ ਕਿ ਮੈਨੂੰ ਜ਼ਿਲ੍ਹਾ ਸਿੱਖਿਆ ਅਫਸਰ ਦਾ ਫ਼ੋਨ ਆਉਂਦਾ ਹੈ, “ਪ੍ਰਿੰਸੀਪਲ ਸਾਹਿਬ, ਸਕੂਲ ’ਚ ਕੋਈ ਪ੍ਰੋਗਰਾਮ ਚੱਲ ਰਿਹੈ?” ਮੈਂ ‘ਹਾਂ’ ਵਿਚ ਜਵਾਬ ਦਿੱਤਾ ਤਾਂ ਉਨ੍ਹਾਂ ਕਿਹਾ, “ਹੁਣੇ ਬੰਦ ਕਰ ਦੇਵੋ। ਡੀਸੀ ਦਫ਼ਤਰੋਂ ਫੋਨ ਆਇਐ। ਤੁਹਾਡੀ ਸ਼ਿਕਾਇਤ ਹੋਈ ਹੈ ਕਿ ਤੁਸੀਂ ਪਾਕਿਸਤਾਨ ਦਾ ਆਜ਼ਾਦੀ ਦਿਵਸ ਮਨਾ ਰਹੇ ਹੋ।” ਮਿੰਨਤ ਕਰਨ ਵਾਲਿਆਂ ਵਾਂਗ ਮੈਂ ਦੱਸਿਆ ਕਿ ਇਹ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਸ ਵਿਚ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਵੰਡ ਬਾਰੇ ਚਾਚਾ ਤਾਂਘੜੀ ਜੀ ਆਪਣੇ ਵਿਚਾਰ ਵਿਦਿਆਰਥੀਆਂ ਨੂੰ ਦੱਸ ਰਹੇ ਹਨ, ਤੁਸੀਂ ਆਪ ਆ ਕੇ ਦੇਖ ਲਵੋ ਪਰ ਉਨ੍ਹਾਂ ਆਪਣੀ ਮਜਬੂਰੀ ਦੱਸਦਿਆਂ ਮੈਨੂੰ ਪ੍ਰੋਗਰਾਮ ਬੰਦ ਕਰਨ ਲਈ ਇਕ ਕਿਸਮ ਦਾ ਹੁਕਮ ਕਰ ਦਿੱਤਾ।
12-13 ਸਾਲ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਮੈਨੂੰ ਇਹ ਗੱਲ ਮੁੜ-ਮੁੜ ਸਤਾਉਂਦੀ ਹੈ ਕਿ ਵਿਰੋਧ ਕਰਨ ਵਾਲੇ ਕੰਮ ਨਹੀਂ ਦੇਖਦੇ ਅਤੇ ਉਨ੍ਹਾਂ ਦਾ ਕੰਮ ਕੇਵਲ ਅੜਿੱਕਾ ਪਾਉਣਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਮੈਂ ਫਿਰ ਵੀ ਆਪਣੇ ਚਾਹੁਣ ਵਾਲਿਆਂ (ਜਿਹੜੇ ਹੁਣ ਸਕੂਲਾਂ ਦੀਆਂ ਪ੍ਰਬੰਧਕੀ ਅਸਾਮੀਆਂ ’ਤੇ ਕੰਮ ਕਰ ਰਹੇ ਹਨ) ਨੂੰ ਸੁਫ਼ਨੇ ਲੈਣ ਅਤੇ ਉਨ੍ਹਾਂ ਵੱਲ ਅੱਗੇ ਵਧਣ ਲਈ ਹੱਲਾਸ਼ੇਰੀ ਦਿੰਦਾ ਰਹਿੰਦਾ ਹਾਂ।
ਸੰਪਰਕ: 95010-20731

Advertisement

Advertisement
Author Image

joginder kumar

View all posts

Advertisement