ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਤਹਿਤ ਫਸਵੇਂ ਮੁਕਾਬਲੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3’ ਅਧੀਨ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਹੇਠ ਵੱਖ-ਵੱਖ ਰੌਚਕ ਮੁਕਾਬਲੇ ਹੋਏ। ਇਨ੍ਹਾਂ ਵਿੱਚੋਂ ਲੜਕੀਆਂ ਦੇ ਅੰਡਰ 21 ਤਹਿਤ 5000 ਮੀਟਰ ਦੌੜ ਮੁਕਾਬਲੇ ਵਿੱਚੋਂ ਰਵੀਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਏਡੀਸੀ (ਜ)-ਕਮ-ਨੋਡਲ ਅਫ਼ਸਰ ਮੇਜਰ ਅਮਿਤ ਸਰੀਨ ਨੇ ਖੇਡ ਮੈਦਾਨਾਂ ਵਿੱਚ ਜਾ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜਾਈ ਕੀਤੀ। ਉਨ੍ਹਾਂ ਵਧੀਆ ਖੇਡਾਂ ਕਰਵਾਉਣ ਲਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ, ਬਲਾਕ ਕਨਵੀਨਰ ਪ੍ਰਵੀਨ ਠਾਕੁਰ, ਖੇਡ ਕੋ-ਆਰਡੀਨੇਟਰ ਕੁਲਵੀਰ ਸਿੰਘ, ਸੰਜੀਵ ਸ਼ਰਮਾ ਅਥਲੈਟਿਕ ਕੋਚ ਤੇ ਰਾਜ ਕੁਮਾਰ ਸੀਨੀਅਰ ਸਹਾਇਕ ਹਾਜ਼ਰ ਸਨ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੁਧਿਆਣਾ ਦੇ 14 ਬਲਾਕਾਂ ਵਿੱਚ ਉਕਤ ਖੇਡਾਂ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਖੇਡਾਂ ਦੇ ਦੂਜੇ ਪੜਾਅ ਹੇਠ ਪੰਜ ਬਲਾਕਾਂ ਵਿੱਚ ਮੁਕਾਬਲੇ ਹੋਏ ਜਿਨ੍ਹਾਂ ’ਚ ਮਲੌਦ, ਜਗਰਾਉਂ, ਮਾਛੀਵਾੜਾ ਪੱਖੋਵਾਲ ਅਤੇ ਮਿਉਂਸਿਪਲ ਕਾਰਪੋਰੇਸ਼ਨ ਬਲਾਕ ਸ਼ਾਮਲ ਹਨ। ਬਲਾਕ ਮਿਉਂਸਿਪਲ ਕਾਰਪੋਰੇਸ਼ਨ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਏ ਗਏ।
ਇਸ ਦੌਰਾਨ ਅਥਲੈਟਿਕ ਅੰਡਰ-17 ਲੜਕਿਆਂ ਦੀ 200 ਮੀਟਰ ਦੌੜ ਵਿੱਚ ਹਰੀਨੰਦਨ ਨੇ ਪਹਿਲਾ, ਸਕਸ਼ਮ ਸਿੰਘ ਨੇ ਦੂਜਾ ਅਤੇ ਉਤਕਰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 800 ਮੀਟਰ ਦੌੜ ਵਿੱਚ ਵੈਭਵ ਭੋਲਾ ਨੇ ਪਹਿਲਾ, ਹਿਮਾਂਸ਼ੂ ਚੌਧਰੀ ਨੇ ਦੂਜਾ ਸਥਾਨ ਜਦਕਿ ਨਿਖਿਲ ਸ਼ਰਮਾ ਨੇ ਤੀਜਾ ਸਥਾਨ, 3000 ਮੀਟਰ ਦੌੜ ਵਿੱਚ ਅੰਕਿਤ ਕੁਮਾਰ ਨੇ ਪਹਿਲਾ, ਬੌਬੀ ਕੁਮਾਰ ਨੇ ਦੂਜਾ ਅਤੇ ਵੰਸ਼ ਭਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕੇ ਅੰਡਰ-17 ਵਿੱਚ ਹਰਨੂਰ ਸਿੰਘ, ਨਮਨ ਅਤੇ ਦਿਵਿਕ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਲੜਕੀਆਂ ਦੇ ਅੰਡਰ 17 ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਨਰੋਇਸ਼ ਸੋਹੀ ਨੇ ਪਹਿਲਾ, ਸੁਨੇਹਾ ਰਾਣੀ ਨੇ ਦੂਜਾ ਅਤੇ ਨਿਸਤੀ ਭਾਰਤੀ ਨੇ ਤੀਜਾ ਸਥਾਨ, ਲੜਕੀਆਂ ਅੰਡਰ-21 ਸਾਲ ਦੀ 200 ਮੀਟਰ ਦੌੜ ਵਿੱਚ ਰੌਣਕਪ੍ਰੀਤ ਕੌਰ ਨੇ ਪਹਿਲਾ, ਧਰਿਤੀ ਜੈਨ ਨੇ ਦੂਜਾ ਅਤੇ ਸ੍ਰਿਸ਼ਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਦੀ 800 ਮੀਟਰ ਦੌੜ ਵਿੱਚ ਵੀਰਪਾਲ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ਜਦਕਿ ਸਮੀਖਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ 5000 ਮੀਟਰ ਦੌੜ ਵਿੱਚ ਰਵੀਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਅੰਡਰ 21 ਸਾਲ ਲਈ ਅੰਜਲੀ ਨੇ ਪਹਿਲਾ, ਕਾਜਲ ਨੇ ਦੂਜਾ ਸਥਾਨ ਜਦਕਿ ਜੋਤੀ ਕੁਮਾਰ ਤੀਜਾ ਸਥਾਨ ਪ੍ਰਾਪਤ ਕੀਤਾ।