ਕੇਸਾਧਾਰੀ ਹਾਕੀ ਟੂਰਨਾਮੈਂਟ ’ਚ ਫਸਵੇਂ ਮੁਕਾਬਲੇ
ਐਸ.ਏ.ਐਸ.ਨਗਰ (ਮੁਹਾਲੀ): ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ ਚੌਥੇ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ-19 ਦੇ ਦੂਜੇ ਦਿਨ ਦੇ ਮੈਚਾਂ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਕੀਤਾ। ਪਹਿਲੇ ਮੈਚ ਵਿੱਚ ਗੁਰਦੁਆਰਾ ਸਿੰਘ-ਸ਼ਹੀਦਾਂ ਸੋਹਾਣਾ ਦੀ ਟੀਮ ਹਾਕਸ ਅਕੈਡਮੀ ਰੂਪਨਗਰ (ਮਿਸਲ ਸ਼ਹੀਦਾਂ) ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੀ ਟੀਮ ਹੋਲੀ ਵਰਲਡ ਅਕੈਡਮੀ ਬਟਾਲਾ (ਮਿਸਲ ਸਿੰਘਪੁਰੀਆ) ਨੂੰ 8-1 ਦੇ ਫ਼ਰਕ ਨਾਲ ਮਾਤ ਦਿੱਤੀ। ਜੇਤੂ ਟੀਮ ਦੇ ਖਿਡਾਰੀ ਮਨਰੂਪ ਸਿੰਘ ਨੇ ਤਿੰਨ ਗੋਲ ਕਰ ਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਬਣਾਈ ਅਤੇ ਮੈਨ ਆਫ ਦਿ ਮੈਚ ਬਣਿਆ। ਦੂਜਾ ਮੈਚ ਮੁਹਾਲੀ ਵਾਕ ਦੀ ਟੀਮ ਪੀ.ਆਈ.ਐਸ. ਮੁਹਾਲੀ ਮਿਸਲ ਆਹਲੂਵਾਲੀਆ ਨੇ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਦੀ ਟੀਮ ਰਾਊਂਡ ਗਲਾਸ ਬੁਤਾਲਾ (ਮਿਸਲ ਡੱਲੇਵਾਲੀਆ) ਨੂੰ 5-0 ਨਾਲ ਹਰਾਇਆ। ਤੀਜੇ ਮੈਚ ਵਿਚ ਜੁਗਰਾਜ ਸਿੰਘ ਗਿੱਲ ਟਰੱਸਟ ਚੰਡੀਗੜ੍ਹ ਦੀ ਟੀਮ ਐਸ.ਜੀ.ਪੀ.ਸੀ. (ਮਿਸਲ ਸ਼ੁੱਕਰਚੱਕੀਆ) ਨੇ ਬਾਬਾ ਗਾਜੀਦਾਸ ਕਲੱਬ ਚੱਕਲਾਂ ਦੀ ਟੀਮ ਫਲਿੱਕਰ ਬ੍ਰਦਰਜ਼ ਸ਼ਾਹਬਾਦ ਮਿਸਲ ਫੂਲਕੀਆ ਨੂੰ 5-1 ਗੋਲਾਂ ਨਾਲ ਹਰਾਇਆ। ਚੌਥੇ ਮੈਚ ਵਿਚ ਜਸਵਾਲ ਸੰਨਜ਼ ਯੂ.ਐਸ.ਏ. ਦੀ ਟੀਮ ਪੀ.ਆਈ.ਐਸ. ਲੁਧਿਆਣਾ (ਮਿਸਲ ਭੰਗੀ) ਨੇ ਨਰੋਆ ਪੰਜਾਬ ਦੀ ਟੀਮ ਰਾਊਂਡ ਗਲਾਸ ਮੁਹਾਲੀ (ਮਿਸਲ ਨਿਸ਼ਾਨਾਂਵਾਲੀ) ਨੂੰ 2-1 ਗੋਲਾਂ ਨਾਲ ਹਰਾਇਆ। -ਖੇਤਰੀ ਪ੍ਰਤੀਨਿਧ