For the best experience, open
https://m.punjabitribuneonline.com
on your mobile browser.
Advertisement

ਪਰਾਲੀ ਨੂੰ ਅੱਗ: ਖੇਤਾਂ ਵਿੱਚ ਡਟੀ ਪੰਜਾਬ ਪੁਲੀਸ ਦੀ ਮਹਿਲਾ ਬ੍ਰਿਗੇਡ

10:09 AM Nov 16, 2023 IST
ਪਰਾਲੀ ਨੂੰ ਅੱਗ  ਖੇਤਾਂ ਵਿੱਚ ਡਟੀ ਪੰਜਾਬ ਪੁਲੀਸ ਦੀ ਮਹਿਲਾ ਬ੍ਰਿਗੇਡ
ਪਿੰਡ ਖੋਖਰ ਕਲਾਂ ਦੇ ਖੇਤਾਂ ’ਚ ਪਰਾਲੀ ਨੂੰ ਲਾਈ ਅੱਗ ਨੂੰ ਬੁਝਵਾਉਣ ਦਾ ਯਤਨ ਕਰਦੀਆਂ ਪੰਜਾਬ ਪੁਲੀਸ ਦੀਆਂ ਮਹਿਲਾ ਮੁਲਾਜ਼ਮਾਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 15 ਨਵੰਬਰ
ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੂੰ ਪਰਾਲੀ ਫੂਕਣ ਤੋਂ ਰੋਕਣ ਲਈ ਸਖ਼ਤ ਆਦੇਸ਼ ਦਿੱਤੇ ਹੋਏ ਹਨ ਪਰ ਇਸਦੇ ਬਾਵਜੂਦ ਕਿਸਾਨ ਖੇਤਾਂ ਵਿਚ ਪਰਾਲੀ ਫੂਕ ਰਹੇ ਹਨ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਦਰਜਨਾਂ ਹੀ ਪਿੰਡਾਂ ਵਿਚ ਕਿਸਾਨਾਂ ਵੱਲੋਂ ਸ਼ਰੇਆਮ ਪਰਾਲੀ ਸਾੜੀ ਗਈ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪੁਲੀਸ ਦੇ ਸਾਰੇ ਅਧਿਕਾਰੀ ਥਾਣਿਆਂ ਨੂੰ ਛੱਡ ਕੇ ਖੇਤਾਂ ਵਿੱਚ ਪਰਾਲੀ ਫੂਕ ਰਹੇ ਕਿਸਾਨਾਂ ਦੀ ਨਜ਼ਰਸਾਨੀ ਕਰ ਰਹੇ ਹਨ। ਐਤਕੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਪੁਲੀਸ ਦੀਆਂ ਮਹਿਲਾ ਮੁਲਾਜ਼ਮਾਂ ਵੀ ਖੇਤਾਂ ਵਿਚ ਡਟ ਗਈਆਂ ਹਨ। ਹਾਲਾਂਕਿ ਸਰਕਾਰ ਹਰ ਸਾਲ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੂਰੀ ਵਾਹ ਲਾਉਂਦੀ ਹੈ ਪਰ ਮਹਿਲਾ ਪੁਲੀਸ ਮੁਲਾਜ਼ਮ ਪਹਿਲੀ ਵਾਰ ਖੇਤਾਂ ਵਿੰਚ ਡਿਊਟੀ ਨਿਭਾਉਂਦੀਆਂ ਨਜ਼ਰ ਆਈਆਂ ਹਨ। ਇਹ ਮੁਲਾਜ਼ਮ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੀਆਂ ਹਨ ਅਤੇ ਜਿਥੇ ਕਿਤੇ ਪਰਾਲੀ ਸਾੜੀ ਜਾ ਰਹੀ ਹੁੰਦੀ ਹੈ ਉਥੇ ਅੱਗ ਨੂੰ ਬੁਝਾਇਆ ਜਾਂਦਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਪਰਾਲੀਆਂ ਚਾਅ ਨੂੰ ਨਹੀਂ ਸਗੋਂ ਮਜਬੂਰੀਵੱਸ ਫੂਕ ਰਹੇ ਹਨ।
ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਪਿੰਡ ਅਤਲਾ ਕਲਾਂ ਅਤੇ ਮੂਸਾ ਵਿਖੇ ਖੇਤਾਂ ਵਿਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਉਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਪਿੰਡ ਮੂਸਾ, ਸੱਦਾ ਸਿੰਘ ਵਾਲਾ, ਨਰਿੰਦਰਪੁਰਾ, ਬੁਰਜ ਹਰੀ, ਬੁਰਜ ਢਿੱਲਵਾਂ, ਭਾਈਦੇਸਾ, ਉੱਭਾ, ਜਵਾਹਰਕੇ, ਖਾਰਾ, ਬਰਨਾਲਾ, ਕੋਟ ਧਰਮੂ, ਰਮਦਿੱਤੇਵਾਲਾ, ਬਹਿਣੀਵਾਲ ਵਿਖੇ ਕਿਸਾਨ ਮਿਲਣੀਆਂ ਕਰਕੇ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।ਪਰਾਲੀ ਨੂੰ ਅੱਗ ਨਾ ਲਾ ਕੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਅੰਦਰ ਤਾਇਨਾਤ ਵਿਭਾਗੀ ਅਧਿਕਾਰੀਆਂ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਖੇਤ ਵਿਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਮੌਕੇ ’ਤੇ ਜਾ ਕੇ ਬੁਝਾਇਆ ਗਿਆ। ਇਸੇ ਤਰ੍ਹਾਂ ਪਿੰਡ ਬੀਰ ਖੁਰਦ ਵਿਖੇ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾ ਕੇ ਕਿਸਾਨ ਨੂੰ ਪਰਾਲੀ ਦਾ ਯੋਗ ਨਿਪਰਾਟਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਧਿਕਾਰੀਆਂ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਮੱਤੀ, ਨੰਗਲ ਖੁਰਦ ਅਤੇ ਜੀਤਗੜ੍ਹ ਵਿਖੇ ਪੰਚਾਇਤ ਨੂੰ ਬਿਨਾਂ ਅੱਗ ਲਗਾਏ ਬਜਿਾਈ ਕਰਨ ਲਈ ਜਾਗਰੂਕ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਲੋੜੀਂਦੇ ਬੇਲਰ ਖੇਤਾਂ ਵਿੱਚ ਭੇਜੇ ਜਾਣ ਜਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਜਿਸ ਨਾਲ ਕਿਸਾਨ ਪਰਾਲੀ ਨੂੰ ਅੱਗਾਂ ਬਿਲਕੁਲ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵੱਡੇ ਘਰ ਉਚ ਅਧਿਕਾਰੀਆਂ ਦੀ ਸਹਿਮਤੀ ਨਾਲ ਬੇਲਰਾਂ ਲਈ ਕਰੋੜਾਂ ਰੁਪਏ ਦੀ ਸਬਸਿਡੀ ਢਕਾਰ ਗਏ ਹਨ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ।

Advertisement

ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਫ਼ਸਰ ਪੱਬਾਂ-ਭਾਰ

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਪਰਾਲੀ ਨੂੰ ਅੱਗ ਨਾ ਲਾਉਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਪੱਬਾ ਭਾਰ ਹਨ। ਅਧਿਕਾਰੀ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਅੱਗ ਨਾ ਲਾਉਣ ਸਬੰਧੀ ਅਪੀਲ ਕਰ ਰਹੇ ਹਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਪ੍ਰੇਰਿਆ ਜਾ ਰਿਹਾ ਹੈ ਉੱਥੇ ਨਾਲ ਹੀ ਪਰਾਲੀ ਪ੍ਰਬੰਧਨ ਬਾਰੇ ਵੀ ਦੱਸਿਆ ਜਾ ਰਿਹਾ ਹੈ। ਅਫ਼ਸਰਾਂ ਵੱਲੋਂ ਕਿਸਾਨ ਜਥੇਬੰਦੀਆਂ, ਆੜ੍ਹਤੀਆ ਜਥੇਬੰਦੀਆਂ ਅਤੇ ਹੋਰਨਾਂ ਨਾਲ ਤਾਲਮੇਲ ਕਰਕੇ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੰਮ ਵਿਚ ਪੁਲੀਸ ਵਿਭਾਗ ਦੀਆਂ ਟੀਮਾਂ ਵੀ ਸਾਥ ਦੇ ਰਹੀਆਂ ਹਨ ਅਤੇ ਕਿਸਾਨਾਂ ਨੂੰ ਨਿਰੰਤਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ। ਟੀਮ ਵੱਲੋਂ ਨਾ ਕੇਵਲ ਜਾਗਰੂਕ ਕੀਤਾ ਜਾ ਰਿਹਾ ਹੈ ਬਲਕਿ ਮੌਕੇ ਉੱਤੇ ਲੱਗੀਆਂ ਅੱਗਾਂ ਨੂੰ ਬੁਝਾਉਣ ’ਚ ਵੀ ਮਦਦ ਕੀਤੀ ਜਾ ਰਹੀ ਹੈ। ਪਿੰਡ ਵਜੀਦਕੇ ਕਲਾਂ ਵਿਖੇ ਟੀਮ ਨੇ ਮੌਕੇ ਉੱਤੇ ਲੱਗੀ ਅੱਗ ਟਰੈਕਟਰ ਦੇ ਮਦਦ ਨਾਲ ਬੁਝਾਈ। ਨਾਲ ਹੀ ਪੁਲੀਸ ਵੱਲੋਂ ਪਿੰਡਾਂ ਦੇ ਸਰਪੰਚਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਸਹਿ ਨਿਗਰਾਨੀ ਨਾਲ ਅੱਗ ਲਾਉਣ ਦੀਆਂ ਘਟਨਵਾਨਾਂ ਨੂੰ ਠੱਲ ਪਾ ਸਕਣ। ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਨੇ ਪਿੰਡ ਸਹਜਿੜਾ, ਸਹੌਰ, ਖਿਆਲੀ, ਮਹਿਲ ਖੁਰਦ, ਮਹਿਲ ਕਲਾਂ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਪਿੰਡ ਕੁਰੜ ਵਿਖੇ ਖੇਤਾਂ ‘ਚ ਲੱਗੀ ਅੱਗ ਮੌਕੇ ਉੱਤੇ ਪਹੁੰਚ ਕੇ ਬੁਝਵਾਈ।

Advertisement
Author Image

Advertisement
Advertisement
×