ਪਰਾਲੀ ਪ੍ਰਬੰਧਨ: ਐੱਸਡੀਐੱਮ ਵੱਲੋਂ ਲਹਿਰਗਾਗਾ ਦੇ ਪਿੰਡਾਂ ਦਾ ਦੌਰਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਨਵੰਬਰ
ਐੱਸਡੀਐੱਮ ਸੂਬਾ ਸਿੰਘ ਵੱਲੋਂ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਲਈ ਪਿੰਡਾਂ ਅਤੇ ਖੇਤਾਂ ਵਿੱਚ ਪ੍ਰਸ਼ਾਸਨਿਕ ਟੀਮਾਂ ਦੀ ਲਗਾਤਾਰ ਨਿੱਜੀ ਤੌਰ ’ਤੇ ਅਗਵਾਈ ਕੀਤੀ ਜਾ ਰਹੀ ਹੈ। ਐੱਸਡੀਐੱਮ ਸੂਬਾ ਸਿੰਘ ਵੱਲੋਂ ਆਪਣੀਆਂ ਟੀਮਾਂ ਸਮੇਤ ਬਖੌਰਾ ਕਲਾਂ, ਬਖੌਰਾ ਖੁਰਦ, ਗੋਬਿੰਦਪੁਰਾ ਜਵਾਹਰਵਾਲਾ, ਰਾਮਪੁਰਾ ਜਵਾਹਰਵਾਲਾ, ਲੇਹਲ ਕਲਾਂ, ਲੇਲ੍ਹ ਖੁਰਦ, ਚੂੜਲ ਕਲਾਂ, ਬੱਲਰਾਂ, ਭੁਟਾਲ ਕਲਾਂ, ਢੀਂਡਸਾ, ਡੂਡੀਆਂ ਅਤੇ ਹਮੀਰਗੜ੍ਹ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਐੱਸਡੀਐੱਮ ਸੂਬਾ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਟੀਮਾਂ ਵੱਲੋਂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਸਦਕਾ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੇ ਪੱਧਰ ’ਤੇ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਦੇ ਵੱਡੇ ਰਕਬੇ ’ਚ ਪਰਾਲੀ ਦਾ ਕੁਦਰਤੀ ਢੰਗ ਨਾਲ ਨਿਬੇੜਾ ਕਰ ਕੇ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਪਛੇਤੇ ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕੀਮਤ ’ਤੇ ਪਰਾਲੀ ਨੂੰ ਅੱਗ ਨਹੀਂ ਲਗਾਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਲਗਾਤਾਰ ਪਿੰਡ-ਪਿੰਡ ਅਤੇ ਖੇਤ-ਖੇਤ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਉਨ੍ਹਾਂ ਦੇ ਖੇਤਾਂ ਦੀ ਮਿੱਟੀ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਕੁਦਰਤੀ ਢੰਗ ਨਾਲ ਨਬੇੜੇ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਮਸ਼ੀਨਰੀ ਪਹਿਲਾਂ ਹੀ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਪਰਾਲੀ ਦੇ ਪ੍ਰਬੰਧ ਲਈ ਮਸ਼ੀਨਰੀ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਦਫ਼ਤਰ ਜਾਂ ਆਪਣੇ ਨੇੜਲੇ ਬਲਾਕ ਦੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।