ਪਰਾਲੀ ਪ੍ਰਬੰਧਨ: ਸੌ ਛੋਟੇ ਕਿਸਾਨਾਂ ਦੀ ਵਿੱਤੀ ਮਦਦ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 10 ਨਵੰਬਰ
ਡੀਸੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸੌ ਛੋਟੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਦਦ ਦੇਣ ਵਾਸਤੇ ਅੱਜ ਪਿੰਡ ਧਾਰੜ ਪਹੁੰਚ ਕੇ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਤੇ ਹੌਸਲਾ-ਅਫ਼ਜਾਈ ਕੀਤੀ। ਉਨ੍ਹਾਂ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ, ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਜ਼ਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਅਸੀਂ ਤਾਂ ਹੀ ਬਚਾ ਸਕਦੇ ਹਾਂ ਜੇਕਰ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈਏ। ਮੁੱਖ ਖੇਤੀਬਾੜੀ ਅਫ਼ਸਰ ਡਾ. ਤਜਿੰਦਰ ਸਿੰਘ ਨੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਲਈ ਕਿਹਾ ਤਾਂ ਜੋ ਜ਼ਮੀਨ ਦੀ ਉਪਯੋਗ ਸ਼ਕਤੀ ਨੂੰ ਵਧਾਇਆ ਜਾ ਸਕੇ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਪ੍ਰਦਰਸ਼ਨੀ ਪਲਾਂਟ ਪਿੰਡ ਧਾਰੜ, ਸਲਵਿੰਦਰ ਸਿੰਘ ਪਿੰਡ ਬੰਡਾਲਾ ਅਤੇ ਅਮਰੀਕ ਸਿੰਘ ਰੱਖ ਦੇਵੀਦਾਸਪੁਰਾ ਦੇ ਖੇਤਾਂ ਵਿੱਚ ਵੀ ਬਣਾਏ ਗਏ ਹਨ। ਡੀਸੀ ਨੇ ਮੌਕੇ ’ਤੇ ਕਿਸਾਨਾਂ ਨੂੰ ਚੈੱਕ ਅਤੇ ਪ੍ਰਸ਼ੰਸਾ ਪੱਤਰ ਦਿੱਤੇ। ਇਸ ਮੌਕੇ ਪਿੰਡ ਦੇ ਸਰਪੰਚ ਅਨੋਖ ਸਿੰਘ ਅਤੇ ਨੰਬਰਦਾਰ ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਏਰੀਆ ਸਬਜ਼ੀ ਦਾ ਹੋਣ ਕਰਕੇ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ।