For the best experience, open
https://m.punjabitribuneonline.com
on your mobile browser.
Advertisement

ਪਰਾਲੀ ਪ੍ਰਬੰਧਨ: ਡੀਸੀ ਅਤੇ ਐੱਸਐੱਸਪੀ ਵੱਲੋਂ ਖੇਤਾਂ ’ਚ ਕਿਸਾਨਾਂ ਨਾਲ ਮੁਲਾਕਾਤ

07:50 AM Oct 25, 2024 IST
ਪਰਾਲੀ ਪ੍ਰਬੰਧਨ  ਡੀਸੀ ਅਤੇ ਐੱਸਐੱਸਪੀ ਵੱਲੋਂ ਖੇਤਾਂ ’ਚ ਕਿਸਾਨਾਂ ਨਾਲ ਮੁਲਾਕਾਤ
ਡੀਸੀ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਸਨਮਾਨ ਕਰਦੇ ਹੋਏ।
Advertisement

ਪੱਤਰ ਪ੍ਰੇਰਕ
ਸਮਾਣਾ, 24 ਅਕਤੂਬਰ
ਪਰਾਲੀ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਬੀਤੀ ਦੇਰ ਸ਼ਾਮ ਜ਼ਿਲ੍ਹੇ ਦੀ ਸਮਾਣਾ ਸਬ ਡਿਵੀਜ਼ਨ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਘੰਗਰੋਲੀ ਵਿੱਚ ਜਿੱਥੇ ਇੱਕ ਖੇਤ ਵਿੱਚ ਲੱਗੀ ਅੱਗ ਖ਼ੁਦ ਕੋਲ ਖੜ੍ਹਕੇ ਬੁਝਵਾਈ, ਉੱਥੇ ਹੀ ਇਸੇ ਪਿੰਡ ਦੇ ਦੋ ਕਿਸਾਨਾਂ ਵੱਲੋਂ ਪਰਾਲੀ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਨ੍ਹਾਂ ਦਾ ਖੇਤਾਂ ਵਿੱਚ ਜਾ ਕੇ ਸਨਮਾਨ ਵੀ ਕੀਤਾ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨੇ ਸਮਾਣਾ-ਚੀਕਾ ਰੋਡ ’ਤੇ ਪਿੰਡ ਬਦਨਪੁਰ ਵਿੱਚ ਪਰਾਲੀ ਤੋਂ ਬਾਇਓਮਾਸ ਪੈਲੇਟਸ ਬਣਾਉਣ ਵਾਲੀ ਐਸ.ਪੀ.ਐਸ. ਈਕੋ ਫਰੈਂਡਲੀ ਫਿਊਲਜ਼ ਦਾ ਦੌਰਾ ਵੀ ਕੀਤਾ, ਜਿੱਥੇ ਰਾਜੀਵ ਸ਼ੰਟੀ, ਮੁਨੀਸ਼ ਕੁਮਾਰ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਪਰਾਲੀ ਦਾ ਪੱਕਾ ਹੱਲ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਦੀ ਮੌਜੂਦਗੀ ’ਚ ਪਿੰਡ ਘੰਗਰੋਲੀ ਦੇ ਪਰਾਲੀ ਨਾ ਸਾੜਨ ਵਾਲੇ ਤੇ ਬੇਲਰ ਨਾਲ ਸੰਭਾਲ ਕੇ ਇਸਦੀਆਂ ਗੱਠਾਂ ਬਣਵਾਉਣ ਵਾਲੇ ਕਿਸਾਨਾਂ ਅਵਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦੇ ਸੁਚੱਜੇ ਪ੍ਰਬੰਧਨ ਲਈ ਅੱਗੇ ਆਉਣ।
ਇਸੇ ਦੌਰਾਨ ਇੱਕ ਖੇਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਨੇ ਖ਼ੁਦ ਅਗਵਾਈ ਕੀਤੀ। ਥਾਣਾ ਸਦਰ ਸਮਾਣਾ ਦੇ ਐਸ.ਐਚ.ਓ. ਅਵਤਾਰ ਸਿੰਘ ਨੇ ਟਰੈਕਟਰ ਚਲਾ ਕੇ ਅਤੇ ਚੌਕੀ ਇੰਚਾਰਜ ਮਵੀ ਕਲਾਂ ਏ.ਐੱਸ.ਆਈ. ਹਰਦੀਪ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਸੰਭਾਲਣ ਲਈ ਬੇਲਰ ਤੇ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550 ’ਤੇ ਸੰਪਰਕ ਕਰਨ ਜਾਂ ਉਨਤ ਕਿਸਾਨ ਐਪ ਦਾ ਲਾਭ ਲੈਣ।
ਇਸ ਮੌਕੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾ ਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਕਿਸੇ ਵੀ ਕੀਮਤ ਉਤੇ ਖੇਤਾਂ ਵਿੱਚ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਡੀ.ਐੱਸ.ਪੀ. ਸਮਾਣਾ ਜੀ.ਐੱਸ. ਸਿਕੰਦ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਵਾਤਾਵਰਨ ਇੰਜੀਨੀਅਰ ਗੁਰਕਰਨ ਸਿੰਘ ਵੀ ਮੌਜੂਦ ਸਨ।

Advertisement

Advertisement
Advertisement
Author Image

sanam grng

View all posts

Advertisement