ਪਰਾਲੀ ਸਾੜਨ ਦਾ ਰੁਝਾਨ: ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ 78 ਫ਼ੀਸਦੀ ਘੱਟ ਮਾਮਲੇ
ਪੱਤਰ ਪ੍ਰੇਰਕ
ਪਟਿਆਲਾ, 30 ਨਵੰਬਰ
ਕਣਕ ਦੀ ਬਿਜਾਈ ਦਾ ਸੀਜ਼ਨ ਲੰਘਣ ਦੇ ਬਾਵਜੂਦ ਅੱਜ ਵੀ ਪੰਜਾਬ ਵਿੱਚ 22 ਥਾਵਾਂ ’ਤੇ ਪਰਾਲੀ ਸਾੜੀ ਗਈ। ਸਾਲ 2022 ਵਿੱਚ 49,922 ਦੇ ਮੁਕਾਬਲੇ ਇਸ ਸਾਲ 10,909 ਥਾਵਾਂ ’ਤੇ ਪਰਾਲੀ ਸਾੜੀ ਗਈ ਜੋ ਪਿਛਲੇ ਸਾਲ ਨਾਲੋਂ ਕਰੀਬ 78 ਫ਼ੀਸਦੀ ਘੱਟ ਹੈ ਜਦਕਿ ਸਾਲ 2023 ਵਿੱਚ ਪਰਾਲੀ ਸਾੜਨ ਦੇ 36,663 ਮਾਮਲੇ ਸਨ। ਇਸ ਸੀਜ਼ਨ ਵਿੱਚ ਹੁਣ ਤਕ 5494 ਕਿਸਾਨਾਂ ਨੂੰ 2,15,27,500 ਰੁਪਏ ਦਾ ਜੁਰਮਾਨਾ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਗ ਨੇ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਜਿਸ ਕਰਕੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਤੇ ਏਕਿਊਆਈ ਕਮਿਸ਼ਨ ਵੱਲੋਂ ਪੰਜਾਬ ਦੀ ਸ਼ਲਾਘਾ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਵੀ ਪਰਾਲੀ ਸਾੜਨ ਦੀਆਂ ਸੂਬੇ ਵਿੱਚ 22 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਭ ਤੋਂ ਵੱਧ ਘਟਨਾਵਾਂ ਫ਼ਾਜ਼ਿਲਕਾ ਵਿੱਚ 6, ਕਪੂਰਥਲਾ ਵਿੱਚ 4, ਮੁਕਤਸਰ ਤੇ ਫ਼ਰੀਦਕੋਟ ਵਿੱਚ 2-2, ਬਰਨਾਲਾ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਨਵਾਂ ਸ਼ਹਿਰ, ਰੂਪਨਗਰ ਤੇ ਤਰਨ ਤਾਰਨ ਵਿੱਚ 1-1 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਬਾਕੀ ਕਿਸੇ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀ ਘਟਨਾ ਰਿਕਾਰਡ ਨਹੀਂ ਹੋਈ। ਪਿਛਲੇ ਸਾਲ ਅੱਜ ਦੇ ਦਿਨ 23 ਅਤੇ ਸਾਲ 2022 ਵਿੱਚ 15 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਚੇਅਰਮੈਨ ਨੇ ਦੱਸਿਆ ਕਿ ਇਸ ਸਾਲ ਅੱਜ ਤੱਕ 5770 ਜ਼ਿਮੀਂਦਾਰਾਂ ’ਤੇ ਪਰਾਲੀ ਸਾੜਨ ਦੇ ਦੋਸ਼ ਤਹਿਤ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ 52 ਕਿਸਾਨਾਂ ’ਤੇ ਦਰਜ ਕੇਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 5437 ਜ਼ਿਮੀਂਦਾਰਾਂ ਨੂੰ ਰੈੱਡ ਐਂਟਰੀ ਅਧੀਨ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਅੱਜ 24 ਕਿਸਾਨ ਰੈੱਡ ਐਂਟਰੀ ਤਹਿਤ ਲਿਆਂਦੇ ਗਏ ਹਨ।