ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਰਸ਼ਸ਼ੀਲ ਚਿੰਤਕ ਗੁਰਬਚਨ ਸਿੰਘ

06:10 AM Jan 03, 2024 IST

ਡਾ. ਖੁਸ਼ਹਾਲ ਸਿੰਘ

ਜਲੰਧਰ ਦੇ ਸਿੱਖ ਪਰਿਵਾਰ ਵਿਚ 4 ਨਵੰਬਰ 1950 ਨੂੰ ਜਨਮੇ ਗੁਰਬਚਨ ਸਿੰਘ ਨੂੰ ਸਿੱਖ ਚਿੰਤਨ ਅਤੇ ਰਾਜਨੀਤੀ ਦੀ ਚਿਣਗ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਉਸ ਦੇ ਪਿਤਾ ਅਕਾਲੀ ਦਲ ਦੇ ਸਰਗਰਮ ਵਰਕਰ ਅਤੇ ਲੀਡਰ ਸਨ ਜਿਸ ਕਰ ਕੇ ਪੰਜਾਬੀ ਸੂਬੇ ਦੀ ਜੱਦੋ-ਜਹਿਦ ਸਮੇਂ ਮਾਸਟਰ ਤਾਰਾ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ। ਵਿਦਿਆਰਥੀ ਜੀਵਨ ਸਮੇਂ ਗੁਰਬਚਨ ਸਿੰਘ ਆਪਣੇ ਪਿਤਾ ਦੀ ਹਦਾਇਤ ’ਤੇ ਕਈ ਵਾਰ ਜਲੰਧਰ ਸ਼ਹਿਰ ਵਿਚ ਮੋਰਚੇ ਲਈ ਇਕੱਠਾ ਕੀਤਾ ਫੰਡ ਅੰਮ੍ਰਿਤਸਰ ਮਾਸਟਰ ਜੀ ਕੋਲ ਜ੍ਹਮਾਂ ਕਰਵਾਉਣ ਜਾਂਦਾ ਸੀ।
ਇਉਂ ਗੁਰਬਚਨ ਸਿੰਘ ਨੂੰ ਅਕਾਲੀ ਦਲ ਦੀ ਲਿਖਤੀ ਸਮੱਗਰੀ, ਅਖਬਾਰ ਪੜ੍ਹਨ ਦੀ ਚੇਟਕ ਸਕੂਲ ਦੇ ਦਿਨਾਂ ਤੋਂ ਹੀ ਲੱਗ ਗਈ ਸੀ। ਅਕਾਲੀ ਮੋਰਚੇ ਸਬੰਧੀ ਅਖਬਾਰਾਂ ਵਿਚੋਂ ਖਬਰਾਂ ਪੜ੍ਹਦਿਆਂ ਗੁਰਬਚਨ ਸਿੰਘ ਅੰਦਰ ਸਿਆਸਤ ਅਤੇ ਪੱਤਰਕਾਰੀ ਵੱਲ ਝੁਕਾਅ ਵਧ ਗਿਆ। ਬੀਐੱਸਈ ਨਾਨ ਮੈਡੀਕਲ, ਐੱਮਏ ਪੰਜਾਬੀ ਤੇ ਹਿੰਦੀ ਅਤੇ ਬੀਐੱਡ ਕਰਦਿਆਂ ਹੀ ਉਹ ਅਖਬਾਰਾਂ ਰਸਾਲਿਆਂ ਵਿਚ ਲਿਖਣ ਲੱਗ ਪਿਆ ਸੀ। ਉਹ ‘ਜ਼ਫਰਨਾਮਾ’ ਤੇ ‘ਜੈਕਾਰਾ’ ਵਰਗੇ ਇਨਕਲਾਬੀ ਮੈਗਜ਼ੀਨਾਂ ਦੇ ਲੇਖਕ ਮੰਡਲਾਂ ਵਿਚ ਜੁੜਿਆ ਰਿਹਾ। ਨਕਸਲੀ ਪੈਗ਼ਾਮ ਗਰੁੱਪ ਦੇ ਰਸਾਲੇ ‘ਪੈਗ਼ਾਮ’ ਦਾ ਕਈ ਸਾਲ ਕਰਤਾ-ਧਰਤਾ ਰਿਹਾ। ਉਸ ਪਿੱਛੋਂ ਤਕਰੀਬਨ 15 ਸਾਲ ਉਸ ਨੇ ‘ਦੇਸ਼ ਪੰਜਾਬ’ ਮੈਗਜ਼ੀਨ ਕੱਢਿਆ। ਗੁਰਬਚਨ ਸਿੰਘ ਨੇ 1990ਵਿਆਂ ਵਿਚ ‘ਅੱਜ ਦੀ ਅਵਾਜ਼’ ਦੇ ਸੰਪਾਦਕੀ ਮੰਡਲ ਦੇ ਮੈਂਬਰ ਵਜੋਂ ਵੀ ਕੰਮ ਕੀਤਾ।
1966 ਵਿਚ ਲੰਗੜਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਉਹ ਅਕਾਲੀ ਸਿਆਸਤ ਤੋਂ ਨਿਰਾਸ਼ ਹੋ ਕੇ ਕਿਸੇ ਰਾਜਨੀਤਕ ਬਦਲ ਦੀ ਤਲਾਸ਼ ਵਿਚ ਪੈ ਗਿਆ। ਹੋਰ ਸੁਹਿਰਦ ਨੌਜਵਾਨਾਂ ਵਾਂਗ ਉਹ 1967-68 ਵਿਚ ਉਭਰ ਰਹੀ ਨਕਸਲਵਾੜੀ ਲਹਿਰ ਵੱਲ ਖਿੱਚਿਆ ਗਿਆ। ਫਿਰ ਉਹ ਐੱਫਸੀਆਈ ਵਿਚ ਬਤੌਰ ਕੁਆਲਿਟੀ ਇੰਸਪੈਕਟਰ ਕੰਮ ਕਰਦਿਆਂ ਵੀ ਲਹਿਰ ਦੇ ਕੁਲਵਕਤੀ ਕਾਰਕੁਨ ਵਾਂਗ ਕੰਮ ਕਰਦਾ ਰਿਹਾ। ਨਾਗੀਰੈਡੀ ਗਰੁੱਪ ਦੇ ਹੈੱਡਕੁਆਰਟਰ ਵਿਚ ਵੀ ਕੰਮ ਕੀਤਾ। ਉਹ ਅਣਥੱਕ ਵਰਕਰ ਅਤੇ ਲਿਖਾਰੀ ਸੀ।
ਧਰਮ ਯੁੱਧ ਮੋਰਚੇ ਸਮੇਂ ਉਸ ਨੇ ਪ੍ਰਚਲਤ ਕਮਿਊਨਿਸਟ ਰਾਜਨੀਤੀ ਤੋਂ ਪਾਸਾ ਵੱਟ ਲਿਆ ਅਤੇ ਆਪਣੇ ਹਮ-ਖਿਆਲ ਗਰੁੱਪ ਪੈਗ਼ਾਮ ਨਾਲ ਜੁੜ ਗਿਆ। 1980ਵਿਆਂ ਦੇ ਅਖ਼ੀਰ ਵਿਚ ਪੈਗ਼ਾਮ ਗਰੁੱਪ ਦੇ ਢਹਿ ਜਾਣ ਤੋਂ ਬਾਅਦ ਉਹ ਖੱਬੇ ਪੱਖੀ ਸਿਆਸੀ ਧਿਰਾਂ ਤੋਂ ਕਿਨਾਰਾ ਕਰ ਗਿਆ; ਉਂਝ, ਮਾਰਕਸਵਾਦ ਪੱਲਾ ਉਸ ਨੇ ਸਾਰੀ ਉਮਰ ਨਹੀਂ ਛੱਡਿਆ ਸਗੋਂ ਉਸ ਨੇ ਮਾਰਕਸਵਾਦ ਅਤੇ ਸਿੱਖ ਫਲਸਫੇ ਦੀ ਡੂੰਘੀ ਸਾਂਝ ਉੱਤੇ ਨਿੱਠ ਕੇ ਕੰਮ ਕੀਤਾ, ਲੇਖ ਲਿਖੇ, ਕਿਤਾਬਾਂ ਛਾਪੀਆਂ ਅਤੇ ਹਰ ਜਨਤਕ ਸਟੇਜ ਉੱਤੇ ਇਸ ਸਾਂਝ ਨੂੰ ਉਭਾਰਿਆ ਤੇ ਪ੍ਰਚਾਰਿਆ।
ਗੁਰਬਚਨ ਸਿੰਘ ਨੇ ਡਾ. ਅੰਬੇਦਕਰ ਦੀਆਂ ਲਿਖਤਾਂ ਦਾ ਵੀ ਖੂਬ ਅਧਿਐਨ ਕੀਤਾ। ਇਸੇ ਕਰ ਕੇ ਪੈਗ਼ਾਮ ਗਰੁੱਪ ਤੋਂ ਬਾਅਦ ਬਹੁਜਨ ਸਮਾਜ ਦੀ ਰਾਜਨੀਤੀ ਦਾ ਤਕਰੀਬਨ ਕੁਲ-ਵਕਤੀ ਕਾਮਾ ਬਣ ਗਿਆ। ਉਸ ਦੀ ਕਾਂਸ਼ੀ ਰਾਮ ਨਾਲ ਵੀ ਬਹੁਤ ਨੇੜਤਾ ਹੋ ਗਈ। ਬਹੁਜਨ ਸਮਾਜ ਪਾਰਟੀ ਦਾ ਅਖ਼ਬਾਰ ਕੱਢਣ ਲਈ ਕਾਂਸ਼ੀ ਰਾਮ ਨੇ ਗੁਰਬਚਨ ਸਿੰਘ ਨੂੰ ਪੇਸ਼ਕਸ਼ ਵੀ ਕੀਤੀ ਸੀ। ਇਸੇ ਤਰ੍ਹਾਂ ਉਹ ਮਨੁੱਖੀ ਅਧਿਕਾਰਾਂ ਦੇ ਆਗੂ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਿਟਾਇਰਡ ਜੱਜ ਅਜੀਤ ਸਿੰਘ ਬੈਂਸ ਨਾਲ ਜੁੜ ਗਏ। ਉਸ ਨੇ ਜਸਟਿਸ ਬੈਂਸ ਅਤੇ ਕਾਂਸ਼ੀ ਰਾਮ ਦੀ ਸਿਆਸੀ ਨੇੜਤਾ ਵਧਾਉਣ ਦੇ ਉਪਰਾਲੇ ਵੀ ਕੀਤੇ। ਗੁਰਬਚਨ ਸਿੰਘ ਨੇ ‘ਪੰਥਕ ਮੋਰਚੇ’ ਦੇ ਆਗੂ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਵੀ ਲੰਮਾ ਸਮਾਂ ਕੰਮ ਕੀਤਾ।
ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਫੌਜੀ ਹਮਲੇ ਨੇ ਗੁਰਬਚਨ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ। ਬਾਅਦ ਵਿਚ ਉੱਠੀ ਸਿੱਖ ਖਾੜਕੂ ਲਹਿਰ ਦੇ ਲੀਡਰਾਂ ਤੋਂ ਇਲਾਵਾ ਉਹ ਪੱਤਰਕਾਰ ਦਲਬੀਰ ਸਿੰਘ (ਅੰਗਰੇਜ਼ੀ ਟ੍ਰਿਬਿਊਨ), ਜਥੇਦਾਰ ਗੁਰਬਚਨ ਸਿੰਘ ਟੌਹੜਾ ਅਤੇ ਜਸਵੰਤ ਸਿੰਘ ਖਾਲੜਾ ਨਾਲ ਨੇੜਿਓਂ ਜੁੜਿਆ ਹੋਇਆ ਸੀ। 1990ਵਿਆਂ ਵਿਚ ਉਹ ਉਲਝ ਗਈ ਖਾੜਕੂ ਲਹਿਰ ਨੂੰ ਪੱਤਰਕਾਰ ਦਲਬੀਰ ਸਿੰਘ ਵਾਂਗ ਸਿਆਸੀ ਸੇਧ ਦੇਣਾ ਚਾਹੁੰਦੇ ਸੀ। ਕਈ ਸਾਲ ਦੋਵੇਂ ਹਰ ਸਿੱਖ ਮਸਲੇ ਉੱਤੇ ਪ੍ਰੈੱਸ ਕਾਨਫਰੰਸਾਂ ਕਰ ਕੇ ਆਪਣੇ ਸਿਆਸੀ ਵਿਚਾਰ ਪੇਸ਼ ਕਰਦੇ ਰਹੇ। ਦੋਵੇਂ ਹੀ ‘ਖਾਲੜਾ ਮਿਸ਼ਨ’ ਦੇ ਸਰਗਰਮ ਸੰਚਾਲਕ ਸਨ।
ਗੁਰਬਚਨ ਸਿੰਘ 2017-18 ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੀਆਂ ਸਰਗਰਮੀਆਂ ਨਾਲ ਜੁੜ ਗਿਆ। ਉਹ ਸਿੰਘ ਸਭਾ ਦੀ ਪੱਤ੍ਰਿਕਾ ਦਾ ਕਈ ਸਾਲ ਐਡੀਟਰ ਰਿਹਾ। ਉਸ ਨੇ ਸਭਾ ਵੱਲੋਂ ਸਿੱਖ ਫਲਸਫੇ ਅਤੇ ਇਤਿਹਾਸ ਦੀਆਂ ਕਈ ਭੁੱਲੀਆਂ-ਵਿੱਸਰੀਆਂ ਕਿਤਾਬਾਂ ਵੀ ਛਪਵਾਈਆਂ। ਉਸ ਨੇ ਪਿਛਲੇ ਚਾਰ ਦਹਾਕਿਆਂ ਵਿਚ ਘੱਟੋ-ਘੱਟ 50 ਅਣਗੌਲੇ ਜਾਂ ਮਰ ਚੁੱਕੇ ਲੇਖਕਾਂ ਦੀਆਂ ਲਿਖਤਾਂ ਦੇ ਖਰੜੇ ਇਕੱਠੇ ਕਰ ਕੇ ਛਪਵਾਏ।
ਗੁਰਬਚਨ ਸਿੰਘ ਨੇ ਸਾਰੀ ਉਮਰ ਸਾਦਾ ਅਤੇ ਮਿਹਨਤੀ ਸ਼ਖ਼ਸ ਦੇ ਤੌਰ ਉੱਤੇ ਨਿਭਾਈ। ਘਰ ਪਰਿਵਾਰ ਦੀਆਂ ਜ਼ਿਆਦਾ ਜ਼ਿੰਮੇਵਾਰੀਆਂ ਉਸ ਦੀ ਪਤਨੀ ਮਨਜੀਤ ਕੌਰ ਨੇ ਕੀਤੀਆਂ। ਉਸ ਦੇ ਦੋਵੇਂ ਪੁੱਤਰ ਵਿਦੇਸ਼ ਰਹਿ ਰਹੇ ਹਨ। ਵੱਡਾ ਪੁੱਤਰ ਜਗਮੀਤ ਸਿੰਘ ਕੈਨੇਡਾ ਅਤੇ ਛੋਟਾ ਕੰਵਲਪ੍ਰੀਤ ਸਿੰਘ ਆਸਟਰੇਲੀਆ ਵਿਚ ਰਹਿ ਰਿਹਾ ਹੈ।
ਸਮਾਜ ਦੀ ਬਿਹਤਰੀ ਨੂੰ ਸਮਰਪਿਤ ਗੁਰਬਚਨ ਸਿੰਘ ਪੱਛਮੀ ਸਭਿਆਚਾਰ ਅਤੇ ਆਰਥਿਕ ਮਾਡਲ ਦਾ ਘੋਰ ਵਿਰੋਧੀ ਰਿਹਾ। ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੀਆਂ ਫੇਰੀਆਂ ਨੇ ਉਸ ਦੇ ਪੱਛਮੀ ਸਭਿਅਤਾ ਵਿਰੋਧੀ ਵਿਚਾਰਾਂ ਨੂੰ ਹੋਰ ਪਰਪੱਕ ਕਰ ਦਿੱਤਾ ਸੀ। ਕਲਮ ਦੇ ਧਨੀ, ਨਿਰਸਵਾਰਥ ਸਮਾਜ ਸੇਵਕ ਅਤੇ ਸਮਾਜ ਦੀ ਆਰਥਿਕਤਾ ਅਤੇ ਰਾਜਨੀਤਕ ਬਿਹਤਰੀ ਲਈ ਲਗਾਤਾਰ ਕੰਮ ਕਰਨ ਵਾਲੇ ਗੁਰਬਚਨ ਸਿੰਘ ਨੂੰ 3 ਜਨਵਰੀ ਨੂੰ ਜਲੰਧਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸੰਪਰਕ: 93161-07093

Advertisement

Advertisement