ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਸੰਘਰਸ਼ ਦੀ ਵਿਉਂਤਬੰਦੀ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਦਸੰਬਰ
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਮਾਲਵਾ ਪੂਰਬੀ ਜ਼ੋਨ ਦੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਈ। ਇਸ ਦੌਰਾਨ ਸੰਘਰਸ਼ ਦੇ ਅਗਲੇ ਪੜਾਅ ਖਾਸ ਕਰਕੇ 24 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਹੋਣ ਜਾ ਰਹੇ ਸਾਂਝੇ ਰੋਸ ਮਾਰਚ ਦੀਆਂ ਤਿਆਰੀਆਂ ਸਬੰਧੀ ਵਿਉਂਤਬੰਦੀ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਆਪਣੇ ਹੱਕਾਂ ਲਈ ਲੜ ਰਹੀਆਂ ਸਾਰੀਆਂ ਧਿਰਾਂ ਉੱਤੇ ਜਬਰ ਢਾਹੁੰਦਿਆਂ ਤਾਨਾਸ਼ਾਹੀ ਰਵੱਈਆ ਜ਼ਾਹਿਰ ਕਰ ਰਹੀ ਹੈ ਤਾਂ ਜੋ ਜਥੇਬੰਦੀਆਂ ਦੀ ਹੋਂਦ ਨੂੰ ਢਾਹ ਲਾਈ ਜਾ ਸਕੇ। ਦਲਜੀਤ ਕੌਰ ਨੇ ਕਿਹਾ ਕਿ ਹਾਈ ਕੋਰਟ ਨੇ 23 ਸਤੰਬਰ 2024 ਨੂੰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਜਿਸ ਤਹਿਤ 607 ਸਹਾਇਕ ਪ੍ਰੋਫ਼ੈਸਰਾਂ ਦੀ ਨਿਯੁਕਤੀ ਹੋ ਚੁੱਕੇ ਹੈ, ਪਰ ਬਾਕੀ 411 ਉਮੀਦਵਾਰ ਤਿੰਨ ਮਹੀਨਿਆਂ ਤੋਂ ਨਿਯੁਕਤੀ ਦੀ ਉਡੀਕ ਵਿੱਚ ਹਨ। ਮੀਟਿੰਗ ’ਚ ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਜਗਮੀਤ ਸਿੰਘ, ਮੋਨਿਕਾ, ਵੀਰਪਾਲ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ ਅਤੇ ਸੁਖਵਿੰਦਰ ਕੌਰ ਸ਼ਾਮਲ ਸਨ।