ਸਰਕਾਰ ਵੱਲੋਂ ਕੀਤੇ ਵਾਅਦੇ ਲਾਗੂ ਕਰਾਉਣ ਲਈ ਲੜਿਆ ਜਾ ਰਿਹੈ ਸੰਘਰਸ਼: ਡੱਲੇਵਾਲ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਨਵੰਬਰ
ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਢਾਬੀ ਗੁੱਜਰਾਂ ਨੇੜੇ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਵੀਸ਼ਰੀ ਜਥਿਆਂ ਨੇ ਸਿੱਖੀ ਫ਼ਲਸਫ਼ੇ ਬਾਰੇ ਜਾਣਕਾਰੀ ਦਿੱਤੀ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਅੰਦੋਲਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਣ ਲਈ ਸਾਜ਼ਿਸ਼ਾਂ ਰਚ ਰਹੀ ਹੈ। ਇੱਕ ਪਾਸੇ ਕੇਂਦਰ ਸਰਕਾਰ ਸਵੈ-ਨਿਰਭਰ ਭਾਰਤ ਅਤੇ ਸਵਦੇਸ਼ੀ ਬਣਾਉਣ ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ 1 ਲੱਖ 41 ਹਜ਼ਾਰ ਕਰੋੜ ਰੁਪਏ ਦੇ ਅਨਾਜ, ਤੇਲ ਅਤੇ 29 ਲੱਖ ਟਨ ਦਾਲਾਂ ਨੂੰ ਬਾਹਰੋਂ ਦਰਾਮਦ ਕਰਦੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੀ ਆਰਥਿਕਤਾ ਦਾ ਪਹੀਆ ਵੀ ਤੇਜ਼ੀ ਨਾਲ ਚੱਲੇਗਾ। ਕਿਸਾਨ ਉਹ ਫ਼ਸਲਾਂ ਬੀਜਣ ਨੂੰ ਤਰਜੀਹ ਦੇਣਗੇ, ਜੋ ਬਾਹਰ ਤੋਂ ਮੰਗਵਾਈਆਂ ਜਾਂਦੀਆਂ ਹਨ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਫੂਲ, ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ, ਰਾਜ ਸਿੰਘ ਥੇੜੀ ਨੇ ਦੱਸਿਆ ਹੈ ਕਿ 26 ਨਵੰਬਰ ਤੋਂ ਸਰਕਾਰ ਵੱਲੋਂ ਕੀਤੇ ਵਾਅਦਿਆਂ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਦੱਸਿਆ ਕਿ ਖਨੌਰੀ ਮੋਰਚੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਆਰੰਭ ਕੀਤੇ ਜਾ ਰਹੇ ਮਰਨ ਵਰਤ ਦੇ ਐਲਾਨ ਨੂੰ ਤਾਕਤ ਦਿੰਦਿਆਂ ਹੋਇਆਂ ਐੱਸਕੇਐੱਮ ਗ਼ੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਸਮੂਹ ਸਾਧ ਸੰਗਤ ਵੱਲੋਂ ਸਿਰੋਪਾਓ ਬਖਸ਼ਿਆ ਗਿਆ। ਦੋਨੇਂ ਫਰਮਾ ਵੱਲੋਂ ਮੋਰਚੇ ਨੂੰ ਜਿੱਤਣ ਦਾ ਪ੍ਰਣ ਕਰਦਿਆਂ ਲਾਏ ਜੈਕਾਰਿਆਂ ਦਾ ਸੰਗਤ ਨੇ ਮੋਰਚੇ ਦੀ ਮਜ਼ਬੂਤੀ ਲਈ ਹੁੰਗਾਰਾ ਭਰਿਆ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਹੈ ਕਿ ਵਹੀਰਾਂ ਘੱਤਦੇ ਹੋਏ ਖਨੌਰੀ ਮੋਰਚੇ ਉੱਪਰ ਪਹੁੰਚਣ ਤਾਂ ਜੋ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜ਼ਿੰਦਗੀ ਦਾਅ ਉੱਪਰ ਲਗਾਉਣ ਵਾਲੇ ਜਗਜੀਤ ਸਿੰਘ ਡੱਲੇਵਾਲ ਦੀ ਤਾਕਤ ਬਣੀਆ ਜਾ ਸਕੇ। ਇਸ ਮੌਕੇ ਸੁੱਚਾ ਸਿੰਘ ਲੱਧੂ, ਮੰਗਲ ਸਿੰਘ ਸੰਧੂ, ਬਚਿੱਤਰ ਸਿੰਘ ਕੋਟਲਾ, ਸੁਰਜੀਤ ਸਿੰਘ ਸਿੱਧੂਪੁਰ, ਤੇਜਵੀਰ ਸਿੰਘ, ਜੰਗਵੀਰ ਸਿੰਘ ਪਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।