ਬਾਇਓ ਗੈਸ ਪਲਾਂਟ ਬੰਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਡੀਸੀ ਨਾਲ ਮੀਟਿੰਗ ਅੱਜ
ਪੱਤਰ ਪ੍ਰੇਰਕ
ਭੋਗਪੁਰ, 13 ਅਗਸਤ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਨੂੰ ਪੱਕੇ ਤੌਰ ’ਤੇ ਬੰਦ ਕਰਾਉਣ ਲਈ 51 ਮੈਂਬਰੀ ਸੰਘਰਸ਼ ਕਮੇਟੀ ਦੀ ਡਿਪਟੀ ਕਮਿਸ਼ਨਰ ਜਲੰਧਰ ਨਾਲ 14 ਅਗਸਤ ਨੂੰ ਮੀਟਿੰਗ ਤੈਅ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਲਾਂਟ ਦਾ ਕੰਮ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਬਣੀ 51 ਮੈਂਬਰੀ ਸੰਘਰਸ਼ ਕਮੇਟੀ ਦੇ ਦਬਾਅ ਕਰਕੇ ਐੱਸਡੀਐੱਮ ਬਲਬੀਰ ਸਿੰਘ ਦੇ ਨਿਰਦੇਸ਼ ’ਤੇ ਆਰਜ਼ੀ ਤੌਰ ’ਤੇ ਬੰਦ ਕਰਵਾ ਦਿੱਤਾ ਗਿਆ ਸੀ।ਖੰਡ ਮਿੱਲ ਭੋਗਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੇ ਤਤਕਾਲੀ ਚੇਅਰਮੈਨ ਪਰਮਵੀਰ ਸਿੰਘ ਪੰਮਾ ਅਤੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈਐੱਸਡੀ ਇਨਫ੍ਰਾਸਟ੍ਰਕਚਰ ਐੱਲਐੱਲਪੀ ਨਿਊ ਦਿੱਲੀ ਵਿਚਾਲੇ ਬਕਾਇਦਾ ਐੱਮਓਯੂ ਹੋਇਆ ਜਿਸ ਉੱਪਰ ਖੰਡ ਮਿੱਲ ਭੋਗਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੇ ਦਸਤਖ਼ਤ ਹਨ ਪਰ ਡਾਇਰੈਕਟਰਜ਼ ਨੂੰ ਦੱਸਿਆ ਗਿਆ ਸੀ ਕਿ ਜਿਥੇ ਖੰਡ ਮਿੱਲ ਦੀ ਆਮਦਨ ਵਿੱਚ ਵਾਧਾ ਹੋਵੇਗਾ ਉੱਥੇ ਭੋਗਪੁਰ, ਨਵਾਂ ਸ਼ਹਿਰ ਅਤੇ ਨਕੋਦਰ ਖੰਡ ਮਿੱਲਾਂ ਦੀ ਮੱਡ (ਮੈਲ) ਦੀ ਵਰਤੋਂ ਕਰਕੇ ਬਾਇਓ ਗੈਸ ਅਤੇ ਖੇਤਾਂ ਵਿੱਚ ਪਾਉਣ ਲਈ ਖਾਦ ਤਿਆਰ ਕੀਤੀ ਜਾਵੇਗੀ। ਉਸ ਐੱਮਓਯੂ ਵਿੱਚ ਜਲੰਧਰ ਸ਼ਹਿਰ ਦਾ 70 ਟਨ ਰੋਜ਼ਾਨਾ ਕੂੜਾ ਲਿਆਉਣ ਦੀ ਗੱਲ ਨਹੀਂ ਕਹੀ ਗਈ ਸੀ।