ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਿਆਂ ਖ਼ਿਲਾਫ਼ ਸੰਘਰਸ਼: ਵਿਧਾਇਕ ਦੇ ਘਰ ਅੱਗੇ ਨਾਅਰੇਬਾਜ਼ੀ

09:00 AM Mar 21, 2025 IST
featuredImage featuredImage
ਹਾਕਮ ਸਿੰਘ ਠੇਕੇਦਾਰ ਦੇ ਘਰ ਸਾਹਮਣੇ ਨਾਅਰੇਬਾਜ਼ੀ ਕਰਦੇ ਹੋਏ ਨਿਰਮਾਣ ਕਾਮੇ।

ਸੰਤੋਖ ਗਿੱਲ
ਰਾਏਕੋਟ, 20 ਮਾਰਚ
ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੇ ਸੀਟੂ ਆਗੂਆਂ ਨੇ ਸ਼ਰਾਬ ਦੀਆਂ ਖਾਲੀ ਬੋਤਲਾਂ ਲਹਿਰਾ ਕੇ ਨਸ਼ਾ ਅਤੇ ਨਾਜਾਇਜ਼ ਸ਼ਰਾਬ ਦੇ ਤਸਕਰਾਂ ਦੀ ਸਰਪ੍ਰਸਤੀ ਦੇ ਦੋਸ਼ ਲਾਉਂਦਿਆਂ ਹਲਕਾ ਵਿਧਾਇਕ ਖ਼ਿਲਾਫ਼ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪੰਚਾਇਤੀ ਚੋਣਾਂ ਬਾਅਦ ਮਨਰੇਗਾ ਕਾਮਿਆਂ ਨੂੰ ਕੰਮ ਦੇਣ ਵਿੱਚ ਅੜਿੱਕੇ ਖੜ੍ਹੇ ਕਰਨ ਅਤੇ ਪਹਿਲਾਂ ਕੰਮ ਕਰਦੇ ਮਨਰੇਗਾ ਮੇਟ ਹਟਾ ਕੇ ਆਪਣੇ ਚਹੇਤਿਆਂ ਦੀ ਨਿਯੁਕਤੀ ਕਰਾਉਣ ਲਈ ਰਾਜਨੀਤਕ ਦਬਾਅ ਪਾਉਣ ਤੋਂ ਅੱਕੇ ਨਿਰਮਾਣ ਕਾਮਿਆਂ ਦਾ ਗ਼ੁੱਸਾ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਖ਼ਿਲਾਫ਼ ਫੁੱਟਿਆ ਹੈ। ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਸੀਟੂ ਦੇ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ, ਰੁਲਦਾ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਵਿੱਚ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਨਗਰ ਕੌਂਸਲ ਦਫ਼ਤਰ ਨੇੜੇ ਟੈਂਪੂ ਅੱਡੇ ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਘਰ ਸਾਹਮਣੇ ਨਾਅਰੇਬਾਜ਼ੀ ਕੀਤੀ। ਸ਼ਹਿਰ ਵਿੱਚ ਪ੍ਰਦਰਸ਼ਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰਾਏਕੋਟ (ਸ਼ਹਿਰੀ) ਥਾਣੇ ਦੇ ਸਾਹਮਣੇ ਵੀ ਕਰੀਬ ਦੋ ਘੰਟੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨਸ਼ੇ ਰੋਕਣ ਦੇ ਨਾਂ ਹੇਠ ਨਸ਼ੇ ਦੀ ਲਤ ਦਾ ਸ਼ਿਕਾਰ ਗ਼ਰੀਬ ਲੋਕਾਂ ਦੇ ਘਰ ਢਾਹ ਰਹੀ ਹੈ, ਪਰ ਵੱਡੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਜਾਰੀ ਹੈ। ਧਰਨਾਕਾਰੀਆਂ ਨੂੰ ਕੇਵਲ ਸਿੰਘ ਮੁੱਲਾਂਪੁਰ, ਪ੍ਰਿਤਪਾਲ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਟੂਸੇ, ਸੰਤੋਖ ਸਿੰਘ ਹਲਵਾਰਾ ਅਤੇ ਕਰਮਜੀਤ ਸੰਨ੍ਹੀ ਨੇ ਵੀ ਸੰਬੋਧਨ ਕੀਤਾ। ਸੀਟੂ ਨਾਲ ਸਬੰਧਤ ਟੈਂਪੂ ਯੂਨੀਅਨ, ਰੇਹੜੀ-ਫੜ੍ਹੀ ਯੂਨੀਅਨ ਅਤੇ ਰਿਕਸ਼ਾ ਯੂਨੀਅਨ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਵੀ ਧਰਨੇ ਵਿੱਚ ਸ਼ਾਮਲ ਹੋਏ। ਇਸ ਮੌਕੇ ਸੀਟੂ ਆਗੂਆਂ ਨੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਅਤੇ ਕਿਸਾਨ ਮੋਰਚੇ ਖ਼ਿਲਾਫ਼ ਪੁਲੀਸ ਤਸ਼ੱਦਦ ਦੀ ਵੀ ਨਿੰਦਾ ਕੀਤੀ ਅਤੇ ਮਾਨ ਸਰਕਾਰ ਉਪਰ ਮੋਦੀ ਦੇ ਰਾਹ ਤੁਰਨ ਦਾ ਦੋਸ਼ ਵੀ ਲਾਇਆ।

Advertisement

Advertisement