For the best experience, open
https://m.punjabitribuneonline.com
on your mobile browser.
Advertisement

ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਦੀ ਫ਼ਸਲ ਵਿਛਾਈ

09:03 AM Mar 03, 2024 IST
ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਦੀ ਫ਼ਸਲ ਵਿਛਾਈ
ਪਿੰਡ ਐਮ.ਪੀ.ਰੋਹੀ ਵਿੱਚ ਗੜੇ ਇਕੱਠੇ ਕਰਦੀ ਹੋਈ ਇਕ ਔਰਤ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਾਰਚ
ਪਟਿਆਲਾ ਜ਼ਿਲ੍ਹੇ ਵਿੱਚ ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਨੇ ਇੱਕ ਵਾਰ ਫੇਰ ਮੌਸਮ ’ਚ ਠੰਢਕ ਲੈ ਆਉਂਦੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਦੀ ਫ਼ਸਲ ਵੀ ਵਿਛਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਨੂੰ ਅਤੇ ਸ਼ਨੀਵਾਰ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਮੀਹ ਪਿਆ। ਮੌਸਮ ਵਿਭਾਗ ਤੋਂ ਪ੍ਰ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਦੌਰਾਨ ਜ਼ਿਲ੍ਹੇ ’ਚ 7 ਐਮਐਮ ਬਾਰਸ਼ ਪਈ। ਉਧਰ ਮੌਸਮ ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਵੀ ਮੀਂਹ ਪੈਣ ਅਤੇ ਬੱਦਲ਼ਵਾਈ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਂਵੇਂ ਪੰਜਾਬ ਅੰਦਰ ਕੁਝ ਥਾਵਾਂ ’ਤੇ ਗੜੇ ਵੀ ਪਏ ਹਨ ਪਰ ਪਟਿਆਲਾ ਜ਼ਿਲ੍ਹੇ ’ਚ ਮੁੱਖ ਤੌਰ ’ਤੇ ਕਿਧਰੇ ਵੀ ਗੜੇ ਪੈਣ ਦੀ ਖਬਰ ਨਹੀਂ ਹੈ।

Advertisement

ਪਟਿਆਲਾ ਵਿੱਚ ਸ਼ਨਿਚਰਵਾਰ ਨੂੰ ਮੀਂਹ ਤੇ ਧੁੱਪ ਦੇ ਸੁਮੇਲ ਨਾਲ ਉਪਜੀ ਸੱਤਰੰਗੀ ਪੀਂਘ ਦਾ ਦਿਲਕਸ਼ ਨਜ਼ਾਰਾ। ਫੋਟੋ: ਰਾਜੇਸ਼ ਸੱਚਰ

ਉਂਜ ਇਸ ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਕਾਰਨ ਇਹ ਮੀਂਹ ਅਤੇ ਤੇਜ਼ ਹਵਾਵਾਂ ਫਸਲਾਂ, ਖਾਸ ਕਰਕੇ ਹਾੜ੍ਹੀ ਦੀ ਮੁੱਖ ਫਸਲ ਕਣਕ ਲਈ ਨੁਕਸਾਨਦਾਇਕ ਰਿਹਾ। ਕਿਸਾਨ ਆਗੂ ਪੰਮਾ ਪਨੌਦੀਆਂ, ਸੁਖਜੀਤ ਰਾਠੀਆਂ ਸਮੇਤ ਕਿਸਾਨ ਆਗੂ ਜਸਦੇਵ ਸਿੰਘ ਨੂਗੀ ਦਾ ਕਹਿਣਾ ਸੀ ਕਿ ਐਤਕੀ ਹਾੜ੍ਹੀ ਦੀ ਫਸਲ ਕਣਕ ’ਤੇ ਕਈ ਹੱਲੇ ਹੋਏ ਹਨ। ਹੁਣ ਜਦੋਂ ਫਸਲ ਪੱਕਣ ਕਿਨਾਰੇ ਪੁੱਜ ਚੁੱਕੀ ਹੈ, ਤਾਂ ਇਸ ਮੀਂਹ ਅਤੇ ਤੇਜ਼ ਹਵਾਵਾਂ ਦੀ ਮਾਰ ਪੈ ਗਈ।
ਇਸੇ ਦੌਰਾਨ ਇਸ ਮੀਂਹ ਖਾਸ ਕਰਕੇ ਤੇਜ਼ ਹਵਾਵਾਂ ਕਾਰਨ ਪੰਜਾਬ ਅੰਦਰ ਅਨੇਕਾਂ ਥਾਵਾਂ ’ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਪੰਜਾਬ ਭਰ ਵਿੱਚੋਂ ਬਿਜਲੀ ਸਪਲਾਈ ’ਚ ਵਿਘਨ ਦੀਆਂ 32 ਹਜ਼ਾਰ ਸ਼ਿਕਾਇਤਾਂ ਆਈਆਂ। ਇਨ੍ਹਾਂ ਵਿੱਚੋਂ ਐਤਵਾਰ ਸ਼ਾਮ ਤੱਕ 10 ਹਜ਼ਾਰ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਮੁੜ ਸ਼ਿਕਾਇਤਾਂ ਵਿੱਚ ਵਾਧਾ ਹੋ ਗਿਆ। ਇਸ ਤਰ੍ਹਾਂ ਰਾਤ ਤੱਕ ਬਿਜਲੀ ਸਪਲਾਈ ਵਿੱਚ ਨੁਕਸ ਦੀਆਂ ਸ਼ਿਕਾਇਤਾਂ ਕਈ ਹਜ਼ਾਰ ਹੋ ਗਈਆਂ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇਲਾਕੇ ਵਿੱਚ ਅੱਜ ਤੜਕੇ ਕੁਝ ਸਮੇਂ ਪਏ ਮੀਂਹ ਨਾਲ ਹੀ ਬਾਜ਼ਾਰਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਕੁਝ ਪਿੰਡਾਂ ਵਿੱਚ ਗੜੇ ਵੀ ਪਏ ਜਿਸ ਨਾਲ ਬਰਸੀਨ ਅਤੇ ਹੋਰ ਫਸਲਾਂ ਨੂੰ ਨੁਕਸਾਨ ਪੁੱਜਿਆ। ਮੀਂਹ ਇੰਨਾ ਜ਼ਿਆਦਾ ਪਿਆ ਕਿ ਕੁਝ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ। ਬੰਦ ਪਏ ਨਾਲੇ ਨੂੰ ਖੁੱਲ੍ਹਵਾਉਣ ਲਈ ਨਗਰ ਪੰਚਾਇਤ ਦੇਵੀਗੜ੍ਹ ਤੋਂ ਸਫਾਈ ਸੇਵਕ ਬੁਲਾਉਣੇ ਪਏ ਜਿਨ੍ਹਾਂ ਨੇ ਆ ਕੇ ਬੰਦ ਪਏ ਨਾਲੇ ਖੁੱਲ੍ਹਵਾਏ ਅਤੇ ਪਾਣੀ ਦੀ ਨਿਕਾਸੀ ਹੋ ਸਕੀ।
ਡਕਾਲਾ (ਮਾਨਵਜੋਤ ਭਿੰਡਰ): ਇਸ ਖੇਤਰ ਵਿੱਚ ਅੱਜ ਬਾਅਦ ਦੁਪਹਿਰ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਨਾਲ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ। ਤੇਜ਼ ਹਵਾਵਾਂ ਨੇ ਕਣਕ ਵਿਛਾ ਕੇ ਰੱਖ ਦਿੱਤੀ। ਚਿੰਤਾ ਵਿੱਚ ਡੁੱਬੇ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੇ ਜ਼ਮੀਨ ਉੱਤੇ ਵਿੱਛਣ ਨਾਲ ਕੱਚੇ ਦਾਣੇ ਖਰਾਬ ਹੋ ਜਾਣਗੇ ਜਿਸ ਨਾਲ ਝਾੜ ਉੱਤੇ ਅਸਰ ਪੈਣ ਦਾ ਖਦਸ਼ਾ ਹੈ। ਕਿਸਾਨਾਂ ਦੱਸਿਆ ਕਿ ਅਜਿਹਾ ਮੌਸਮ ਕਿਸਾਨੀ ਲਈ ਵੱਡੇ ਘਾਟੇ ਦਾ ਸੌਦਾ ਬਣੇਗਾ। ਵੱਖ-ਵੱਖ ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਟੋਹਾਣਾ ਵਿੱਚ ਗੜਿਆਂ ਨੇ ਫ਼ਸਲਾਂ ਝੰਬੀਆਂ

ਟੋਹਾਣਾ (ਗੁਰਦੀਪ ਸਿੰਘ ਭੱਟੀ): ਜ਼ਿਲ੍ਹਾ ਫਤਿਹਾਬਾਦ ਵਿੱਚ ਦੁਪਹਿਰ ਬਾਅਦ ਮੀਂਹ ਨਾਲ ਪਏ ਗੜਿਆਂ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਨੇ ਵੀ ਮੁੜ ਅੰਗੜਾਈ ਲਈ ਹੈ। ਠੰਢ ਨੇ ਮੁੜ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਬੜੋਪਲ, ਧਾਂਗੜ ਤੇ ਐੱਮਪੀ ਰੋਹੀ ਸਣੇ ਟੋਹਾਣਾ ਦੇ ਕਈ ਪਿੰਡਾਂ ਵਿੱਚ ਗੜਿਆਂ ਨੇ ਜਿੱਥੇ ਕਣਕ ਦੀ ਫ਼ਸਲ ਵਿਛਾ ਦਿੱਤੀ ਹੈ, ਉਥੇ ਸਰ੍ਹੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।

Advertisement
Author Image

Advertisement
Advertisement
×