ਰੂਪਨਗਰ ’ਚ ਤੇਜ਼ ਹਨੇਰੀ ਤੇ ਮੀਂਹ ਨੇ ਵਿਛਾਈ ਝੋਨੇ ਦੀ ਫ਼ਸਲ
ਜਗਮੋਹਨ ਸਿੰਘ
ਰੂਪਨਗਰ, 6 ਅਕਤੂਬਰ
ਰੂਪਨਗਰ ਜ਼ਿਲ੍ਹੇ ਅੰਦਰ ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਨੇ ਝੋਨੇ ਦੀ ਪੱਕੀ ਹੋਈ ਫ਼ਸਲ ਬੁਰੀ ਤਰ੍ਹਾਂ ਝੰਭ ਦਿੱਤੀ ਹੈ। ਕਿਸਾਨਾਂ ਹਰਭਗਤ ਸਿੰਘ ਤੇ ਅਜੈਬ ਸਿੰਘ ਡੰਗੌਲੀ, ਸਾਬਕਾ ਸਰਪੰਚ ਰਣਬੀਰ ਸਿੰਘ ਆਸਪੁਰ ਤੇ ਜੌਨੀ ਨੰਬਰਦਾਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲ਼ੀ ਫ਼ਸਲ ਹਨੇਰੀ ਅਤੇ ਮੀਂਹ ਨੇ ਧਰਤੀ ਤੇ ਵਿਛਾ ਦਿੱਤੀ ਹੈ ਅਤੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।
ਪਿੰਡ ਡੰਗੌਲੀ ਦੇ ਕਿਸਾਨ ਹਰਭਗਤ ਸਿੰਘ ਨੇ ਦੱਸਿਆ ਕਿ ਉਸ ਦੀ ਫ਼ਸਲ ਪਿਛਲੇ ਮੀਂਹ ਦੌਰਾਨ ਡਿੱਗ ਗਈ ਸੀ ਜਿਸ ਕਰਕੇ ਉਸ ਨੂੰ ਆਪਣੀ ਫ਼ਸਲ ਮਜ਼ਦੂਰਾਂ ਤੋਂ ਹੱਥੀਂ ਕਟਵਾਉਣੀ ਪਈ ਤੇ ਡਿੱਗੀ ਹੋਈ ਫ਼ਸਲ ਦਾ ਮਜ਼ਦੂਰਾਂ ਨੇ ਮਿਹਨਤਾਨਾ ਵੀ ਡੇਢ ਗੁਣਾ ਵਸੂਲ ਕੀਤਾ। ਉਸ ਨੇ ਦੱਸਿਆ ਕਿ ਹਾਲੇ ਉਸ ਦੀ ਵੱਢੀ ਹੋਈ ਫਸਲ ਖੇਤਾਂ ਵਿੱਚ ਹੀ ਪਈ ਸੀ ਕਿ ਬੀਤੀ ਰਾਤ ਫਿਰ ਮੀਂਹ ਨੇ ਉਸ ਦੀ ਫਸਲ ਬਰਬਾਦ ਕਰ ਦਿੱਤੀ ਹੈ। ਕਿਸਾਨ ਆਗੂ ਜਗਮਨਦੀਪ ਸਿੰਘ ਪੜ੍ਹੀ ਨੇ ਬੀਤੀ ਰਾਤ ਹੋਏ ਕਿਸਾਨਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇ ਸਰਕਾਰਾਂ ਦੀ ਨਲਾਇਕੀ ਕਾਰਨ ਸ਼ੈੱਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਹੜਤਾਲ ਨਾ ਹੁੰਦੀ ਤਾਂ ਇੰਤਜ਼ਾਰ ਕਰ ਰਹੇ ਕਿਸਾਨਾਂ ਨੇ ਆਪਣੀ ਫ਼ਸਲ ਮੀਂਹ ਤੋਂ ਪਹਿਲਾਂ ਹੀ ਵੱਢ ਕੇ ਮੰਡੀ ਵਿੱਚ ਵੇਚ ਦੇਣੀ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖ਼ਰਾਬ ਹੋਈ ਫਸਲ ਦੀ ਫੌਰੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।