ਮਜ਼ਬੂਤ ਸਬੰਧਾਂ ਦਾ ਭਾਰਤ ਤੇ ਰੂਸ ਦੇ ਲੋਕਾਂ ਨੂੰ ਹੋਵੇਗਾ ਲਾਭ: ਮੋਦੀ
ਮਾਸਕੋ, 8 ਜੁਲਾਈ
ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕੀਤੇ ਜਾਣ ਮਗਰੋਂ ਆਪਣੇ ਪਹਿਲੇ ਦੌਰੇ ’ਤੇ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਸਿਖਰ ਵਾਰਤਾ ਹੋਵੇਗੀ ਜਿਸ ਨੂੰ ਪੂਰੀ ਦੁਨੀਆ ਗਹੁ ਨਾਲ ਦੇਖ ਰਹੀ ਹੈ। ਮਾਸਕੋ ਪੁੱਜਣ ਮਗਰੋਂ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਮਜ਼ਬੂਤ ਸਬੰਧਾਂ ਦਾ ਭਾਰਤ ਅਤੇ ਰੂਸ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਭਵਿੱਖ ਮੁਖੀ ਖੇਤਰਾਂ ’ਚ ਦੁਵੱਲੀ ਭਾਈਵਾਲੀ ਮਜ਼ਬੂਤ ਕਰਨ ਵੱਲ ਅਗਾਂਹ ਵਧ ਰਹੇ ਹਨ।
ਪ੍ਰਧਾਨ ਮੰਤਰੀ ਨੇ ਰੂਸ ਦੇ ਦੌਰੇ ’ਤੇ ਜਾਣ ਤੋਂ ਪਹਿਲਾਂ ਦਿੱਤੇ ਬਿਆਨ ’ਚ ਕਿਹਾ ਕਿ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ‘ਸਹਾਇਕ ਭੂਮਿਕਾ’ ਨਿਭਾਅ ਸਕਦਾ ਹੈ। ਮੋਦੀ ਦਾ ਵਨੂਕੋਵੋ-11 ਹਵਾਈ ਅੱਡੇ ’ਤੇ ਪੁੱਜਣ ਮਗਰੋਂ ਰੂਸ ਦੇ ਪ੍ਰਥਮ ਉਪ ਪ੍ਰਧਾਨ ਮੰਤਰੀ ਡੇਨਿਸ ਮਾਨਤੂਰੋਵ ਨੇ ਸਵਾਗਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਪ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੋਟਲ ਜਾਣ ਤੱਕ ਮੋਦੀ ਨਾਲ ਹੀ ਰਹੇ। ਮਾਨਤੂਰੋਵ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਸਮੇਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਸੀ। ਮੋਦੀ ਮੰਗਲਵਾਰ ਨੂੰ ਰਾਸ਼ਟਰਪਤੀ ਪੂਤਿਨ ਨਾਲ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦੀ ਸਹਿ-ਅਗਵਾਈ ਕਰਨਗੇ। ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਤੋਂ ਇਲਾਵਾ ਰੋਸਾਤੋਮ ਪ੍ਰਦਰਸ਼ਨੀ ਮੈਦਾਨ ਦਾ ਵੀ ਦੌਰਾ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ‘ਅਣਪਛਾਤੇ ਜਵਾਨਾਂ ਦੀ ਕਬਰ’ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਜਾਣਗੇ। ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦੌਰਾਨ ਊਰਜਾ, ਸੁਰੱਖਿਆ, ਵਪਾਰ, ਨਿਵੇਸ਼ ਜਿਹੇ ਖੇਤਰਾਂ ’ਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਸੰਭਾਵਨਾ ਹੈ। ਵਾਰਤਾ ਦੌਰਾਨ ਮੋਦੀ ਰੂਸੀ ਫ਼ੌਜ ’ਚ ਭਰਤੀ ਕੀਤੇ ਗਏ ਭਾਰਤੀਆਂ ਦਾ ਮੁੱਦਾ ਵੀ ਚੁਕਣਗੇ। ਇਸ ਦੌਰਾਨ ਓਸਤਾਨਕਿਨੋ ਟੀਵੀ ਟਾਵਰ ਨੂੰ ਤਿਰੰਗੇ ਅਤੇ ਰੂਸੀ ਝੰਡੇ ਦੇ ਰੰਗ ’ਚ ਰੰਗਿਆ ਗਿਆ ਸੀ। -ਪੀਟੀਆਈ