ਕੈਂਬਵਾਲਾ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਪੁੱਜੀ ਟੀਮ ਦਾ ਤਿੱਖਾ ਵਿਰੋਧ
ਮੁਕੇਸ਼ ਕੁਮਾਰ
ਚੰਡੀਗੜ੍ਹ, 23 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਪਿੰਡ ਕੈਂਬਵਾਲਾ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁੱਜੀ ਮਿਲਖ ਦਫ਼ਤਰ (ਐਸਟੇਟ ਆਫਿਸ) ਦੀ ਟੀਮ ਨੂੰ ਸਿਆਸੀ ਪਾਰਟੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਹਿਸੀਲਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਇੱਥੇ ਪਿੰਡ ਵਿੱਚ ਲਾਲ ਡੋਰੇ ਦੇ ਬਾਹਰ ਗੈਰਕਾਨੂੰਨੀ ਤੌਰ ’ਤੇ ਬਣਾਈਆਂ ਗਈਆਂ ਦੁਕਾਨਾਂ ਨੂੰ ਤੋੜਨ ਲਈ ਜਿਵੇਂ ਹੀ ਮਿਲਖ ਦਫ਼ਤਰ ਦੇ ਐਨਫੋਰਸੇਮੈਂਟ ਵਿੰਗ ਦੀ ਟੀਮ ਪੂਰੇ ਅਮਲੇ ਨਾਲ ਪੁੱਜੀ ਤਾਂ ਲੋਕਾਂ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਦਹਿਸ਼ਤ ਵਿੱਚ ਆ ਗਏ।
ਉੱਧਰ, ਜਿਵੇਂ ਹੀ ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਲਈ ਟੀਮ ਦੇ ਪਿੰਡ ਕੈਂਬਵਾਲਾ ਪੁੱਜਣ ਦੀ ਭਿਣਕ ਸਿਆਸੀ ਪਾਰਟੀਆਂ ਤੱਕ ਪੁੱਜੀ ਤਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਵੀ ਆਪੋ-ਆਪਣੇ ਸਮਰਥਕਾਂ ਸਣੇ ਮੌਕੇ ’ਤੇ ਪੁੱਜ ਗਏ ਅਤੇ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਜੀਸੀਬੀ ਮੂਹਰੇ ਬੈਠ ਗਏ। ਆਗੂਆਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ। ਮਿਲਖ ਦਫ਼ਤਰ ਅਨੁਸਾਰ ਪਿੰਡ ਵਿੱਚ ਲੋਕਾਂ ਨੇ ਲਾਲ ਡੋਰੇ ਤੋਂ ਬਾਹਰ ਨਿਯਮਾਂ ਦੇ ਖ਼ਿਲਾਫ਼ ਪੰਜ ਤੋਂ ਸੱਤ ਦੁਕਾਨਾਂ ਉਸਾਰ ਲਈਆਂ ਹਨ। ਦਫ਼ਤਰ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਇੱਥੇ ਇਹ ਦੁਕਾਨਾਂ ਉਸਾਰੀਆਂ ਗਈਆਂ ਅਤੇ ਹੁਣ ਇਨ੍ਹਾਂ ਵਿੱਚ ਕਾਰੋਬਾਰ ਜਾਰੀ ਸੀ। ਇੱਥੇ ਇਲੈਕਟ੍ਰੌਨਿਕ ਸਣੇ ਹੋਰ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।
ਐਸਟੇਟ ਦਫ਼ਤਰ ਦੀ ਟੀਮ ਅੱਜ ਇਨ੍ਹਾਂ ਦੁਕਾਨਾਂ ਨੂੰ ਤੋੜਨ ਲਈ ਪੁੱਜੀ ਸੀ ਪਰ ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਸਾਮਾਨ ਪਿਆ ਹੋਇਆ ਸੀ ਜਿਸ ਕਾਰਨ ਕਾਰਵਾਈ ਰੋਕਣੀ ਪਈ। ਐਸਟੇਟ ਦਫ਼ਤਰ ਦੀ ਟੀਮ ਨੇ ਇਨ੍ਹਾਂ ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਪਏ ਸਾਮਾਨ ਨੂੰ ਹਟਾਉਣ ਲਈ ਭਲਕ ਤੱਕ ਦਾ ਸਮਾਂ ਦਿੱਤਾ ਹੈ ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇੱਥੇ ਹਰ ਹਾਲਾਤ ਵਿੱਚ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।