For the best experience, open
https://m.punjabitribuneonline.com
on your mobile browser.
Advertisement

ਪਿੰਡ ਰੋੜੂਆਣਾ ਵਿੱਚ ਈਥਾਨੋਲ ਫੈਕਟਰੀ ਵਿਰੁੱਧ ਪੱਕਾ ਮੋਰਚਾ

10:23 AM May 01, 2024 IST
ਪਿੰਡ ਰੋੜੂਆਣਾ ਵਿੱਚ ਈਥਾਨੋਲ ਫੈਕਟਰੀ ਵਿਰੁੱਧ ਪੱਕਾ ਮੋਰਚਾ
ਫੈਕਟਰੀ ਖ਼ਿਲਾਫ਼ ਧਰਨਾ ਦਿੰਦੇ ਹੋਏ ਨੇੜਲੇ ਪਿੰਡਾਂ ਦੇ ਲੋਕ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 30 ਅਪਰੈਲ
ਪਿੰਡ ਰੋੜੂਆਣਾ ਵਿੱਚ ਇੱਕ ਕੰਪਨੀ ਵੱਲੋਂ ਲਗਾਈ ਜਾ ਰਹੀ ਈਥਾਨੌਲ ਫੈਕਟਰੀ ਵਿਰੁੱਧ ਅੱਜ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਇਲਾਕੇ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉਠ ਕੇ ਪੱਕਾ ਮੋਰਚਾ ਆਰੰਭ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਰੋੜੂਆਣਾ ਵਿੱਚ ਕੁਝ ਦਿਨਾਂ ਤੋਂ ਇੱਕ ਨਿੱਜੀ ਕੰਪਨੀ ਵੱਲੋਂ ਮਿਲਕ ਪਲਾਂਟ ਦੀ ਆੜ ਵਿੱਚ ਈਥਾਨੌਲ ਫੈਕਟਰੀ ਲਗਾਉਣ ਦੀਆਂ ਚਰਚਾਵਾਂ ਸਨ। ਈਥਾਨੋਲ ਫੈਕਟਰੀ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਜਥੇਬੰਦੀਆਂ ਨੇ ਉਕਤ ਫੈਕਟਰੀ ਦੀ ਉਸਾਰੀ ਅਧੀਨ ਇਮਾਰਤ ਮੂਹਰੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ, ਜਿਸ ਤਹਿਤ ਅੱਜ ਸਵੇਰੇ ਫੈਕਟਰੀ ਅੱਗੇ ਕਿਸਾਨ ਆਗੂ ਵੀਰ ਸਿੰਘ ਬੜਵਾ, ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਗੌਰਵ ਰਾਣਾ ਅਤੇ ਕਮਲਜੀਤ ਰੋੜੂਆਣਾ ਸਹਿਤ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਲੋਕਾਂ ਨੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਉਕਤ ਕੰਪਨੀ ਵੱਲੋਂ ਮਿਲਕ ਪਲਾਂਟ ਲਗਾਉਣ ਦੀ ਆੜ ’ਚ ਈਥਾਨੋਲ ਬਣਾਉਣ ਦੀ ਫੈਕਟਰੀ ਲਗਾਈ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣੀ ਹਾਲੇ ਬਾਕੀ ਹੈ। ਇਸ ਮੌਕੇ ਧਰਨਾਕਾਰੀਆਂ ਨੇ ਇੱਕ 15 ਮੈਂਬਰੀ ਕਮੇਟੀ ਕਾਇਮ ਕਰਕੇ ਐਲਾਨ ਕੀਤਾ ਕਿ ਜਦੋਂ ਤੱਕ ਉਕਤ ਮਿਲਕ ਪਲਾਂਟ, ਜਿਸ ਦੀ ਆੜ ’ਚ ਈਥਾਨੋਲ ਦੀ ਫੈਕਟਰੀ ਲਗਾਈ ਜਾ ਰਹੀ ਹੈ, ਦੀ ਪ੍ਰਸ਼ਾਸਨ ਵੱਲੋਂ 10 ਦਿਨਾਂ ਅੰਦਰ ਮਨਜ਼ੂਰੀ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਦਵਿੰਦਰ ਬਜਾੜ, ਰਣਵੀਰ ਰੰਧਾਵਾ, ਕਾਲਾ ਸੈਦਪੁਰ, ਸੁਰਿੰਦਰ ਸਿੰਘ ਠੋਡਾ, ਸੁਰਿੰਦਰ ਬਜਾੜ, ਪ੍ਰਕਾਸ਼ ਚੰਦ ਤੇ ਮੰਗਲ ਸਿੰਘ ਗਿੱਲ ਸਣੇ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਦੇ ਲੋਕ ਹਾਜ਼ਰ ਸਨ। ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਦੇ ਐੱਸਡੀਐੱਮ ਰਾਜਪਾਲ ਸਿੰਘ ਸੇਖੋਂ ਨੇ ਵੀ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਦੂਜੇ ਪਾਸੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੀ ਇਸ ਧਰਨੇ ਵਿੱਚ ਪੁੱਜੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਤੋਂ ਪਤਾ ਲੱਗਾ ਕਿ ਕੇਂਦਰ ਦੇ ਵਾਤਾਵਰਨ ਵਿਭਾਗ ਵੱਲੋਂ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਦਕਿ ਇਹ ਮਾਮਲਾ ਪੰਜਾਬ ਸਰਕਾਰ ਕੋਲ ਅਜੇ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਲੋਕ ਨਹੀਂ ਚਾਹੁੰਦੇ ਕਿ ਉਕਤ ਫੈਕਟਰੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇ।

Advertisement

ਮਿਲਕ ਪਲਾਂਟ ਲਈ ਡੀਸੀ ਤੋਂ ਲਈ ਮਨਜ਼ੂਰੀ: ਫੈਕਟਰੀ ਮਾਲਕ

ਫੈਕਟਰੀ ਮਾਲਕ ਸੰਦੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਉਕਤ ਸਥਾਨ ’ਤੇ ਮਿਲਕ ਪਲਾਂਟ ਲਗਾਉਣ ਦੀ ਬਾਕਾਇਦਾ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਹੋਰਨਾਂ ਵਿਭਾਗਾਂ ਤੋਂ ਮਨਜ਼ੂਰੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਥਾਂ ’ਤੇ 1 ਲੱਖ ਲਿਟਰ ਦਾ ਮਿਲਕ ਪਲਾਂਟ ਲਗਾਇਆ ਜਾ ਰਿਹਾ ਹੈ ਅਤੇ ਕਰੀਬ 800 ਦੁਧਾਰੂ ਪਸ਼ੂ ਵੀ ਰੱਖੇ ਜਾ ਰਹੇ ਹਨ।

Advertisement
Author Image

Advertisement
Advertisement
×