ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਪਾਨ ਦੇ ਤੱਟੀ ਇਲਾਕੇ ’ਚ ਭੂਚਾਲ ਦੇ ਤੇਜ਼ ਝਟਕੇ

07:18 AM Jan 02, 2024 IST
ਜਾਪਾਨ ’ਚ ਆਏ ਭੂਚਾਲ ਦੌਰਾਨ ਤੋਯਾਮਾ ਵਿਚਲੀ ਸੁਪਰਮਾਰਕੀਟ ’ਚ ਭੁੰਜੇ ਬੈਠੇ ਲੋਕ। -ਫੋਟੋ: ਰਾਇਟਰਜ਼

ਰੂਸ, ਦੱਖਣੀ ਅਤੇ ਉੱਤਰੀ ਕੋਰੀਆ ਨੇ ਵੀ ਲੋਕਾਂ ਨੂੰ ਕੀਤਾ ਚੌਕਸ

ਟੋਕੀਓ, 1 ਜਨਵਰੀ
ਜਾਪਾਨ ਨੇ ਸੋਮਵਾਰ ਨੂੰ ਪੱਛਮੀ ਸਮੁੰਦਰੀ ਖ਼ਿੱਤੇ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾਣ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਫੌਰੀ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਨੂੰ ਕਿਹਾ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ ਇਸ਼ੀਕਾਵਾ ਦੇ ਸਮੁੰਦਰੀ ਕੰਢਿਆਂ ਅਤੇ ਨੇੜਲੇ ਪ੍ਰਾਤਾਂ ’ਚ ਭੂਚਾਲ ਆਉਣ ਦੀ ਜਾਣਕਾਰੀ ਦਿੱਤੀ ਜਿਨ੍ਹਾਂ ’ਚ ਇਕ ਦੀ ਮੁੱਢਲੀ ਤੀਬਰਤਾ 7.6 ਮਾਪੀ ਗਈ। ਉਨ੍ਹਾਂ ਇਸ਼ੀਕਾਵਾ ਲਈ ਇਕ ਗੰਭੀਰ ਪੱਧਰ ਦੀ ਸੁਨਾਮੀ ਚਿਤਾਵਨੀ ਅਤੇ ਹੋਂਸ਼ੂ ਟਾਪੂ ਦੇ ਬਾਕੀ ਪੱਛਮੀ ਕੰਢੇ ਲਈ ਹੇਠਲੇ ਪੱਧਰ ਦੀ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ। ਜਾਪਾਨ ਦੇ ਸਰਕਾਰੀ ਪ੍ਰਸਾਰਕ ਐੱਨਐੱਚਕੇ ਟੀਵੀ ਨੇ ਚਿਤਾਵਨੀ ਦਿੱਤੀ ਕਿ ਸਮੁੰਦਰ ’ਚ ਲਹਿਰਾਂ ਪੰਜ ਮੀਟਰ (ਸਾਢੇ 16 ਫੁੱਟ) ਤੱਕ ਉੱਠ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਉੱਚੀਆਂ ਥਾਵਾਂ ਜਾਂ ਨੇੜੀਆਂ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਪਾਨ ਸਰਕਾਰ ਨੇ ਵਿਸ਼ੇਸ਼ ਐਮਰਜੈਂਸੀ ਕੇਂਦਰ ਸਥਾਪਤ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ’ਚੋਂ ਕੱਢਣ ਲਈ ਕਿਹਾ ਹੈ। ਐੱਨਐੱਚਕੇ ਨੇ ਕਿਹਾ ਕਿ ਸੁਨਾਮੀ ਵਾਰ ਵਾਰ ਆ ਸਕਦੀ ਹੈ ਅਤੇ ਸ਼ੁਰੂਆਤੀ ਅਲਰਟ ਮਗਰੋਂ ਦੋ ਘੰਟੇ ਤੋਂ ਵੱਧ ਸਮੇਂ ਤੱਕ ਇਸ ਦੀ ਚਿਤਾਵਨੀ ਦਿੱਤੀ ਜਾਂਦੀ ਰਹੀ। ਬਾਅਦ ’ਚ ਵੀ ਭੂਚਾਲ ਦੇ ਕਈ ਹਲਕੇ ਝਟਕੇ ਮਹਿਸੂਸ ਹੁੰਦੇ ਰਹੇ। ਸਰਕਾਰੀ ਤਰਜਮਾਨ ਯੋਸ਼ੀਮਾਸਾ ਹਯਾਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ’ਚ ਪਰਮਾਣੂ ਪਲਾਟਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਪਹੁੰਚਣ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਕੰਢੀ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਕਿਹਾ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਕਿਉਂਕਿ ਹਰੇਕ ਮਿੰਟ ਬਹੁਤ ਕੀਮਤੀ ਹੈ। ਐੱਨਐੱਚਕੇ ਮੁਤਾਬਕ ਨਿਗਾਟਾ ਅਤੇ ਹੋਰ ਇਲਾਕਿਆਂ ’ਚ ਕਰੀਬ ਤਿੰਨ ਮੀਟਰ (10 ਫੁੱਟ) ਦੀ ਸੁਨਾਮੀ ਆਉਣ ਦਾ ਖ਼ਤਰਾ ਹੈ। ਸਮੁੰਦਰੀ ਕੰਢੇ ’ਤੇ ਘੱਟ ਉਚਾਈ ਵਾਲੀਆਂ ਸੁਨਾਮੀ ਲਹਿਰਾਂ ਪਹਿਲਾਂ ਦੀ ਦਰਜ ਕੀਤੀਆਂ ਗਈਆਂ ਹਨ। ਭੂਚਾਲ ਕਾਰਨ ਵਾਜਿਮਾ ਸਿਟੀ ਦੇ ਇਕ ਇਲਾਕੇ ’ਚੋਂ ਧੂੰਆਂ ਉੱਠਦਾ ਦਿਖਾਈ ਦਿੱਤਾ ਪਰ ਅਜੇ ਹੋਰ ਵੇਰਵੇ ਨਹੀਂ ਮਿਲ ਸਕੇ ਹਨ। ਇਕ ਹੋਰ ਇਲਾਕੇ ’ਚ ਇਕ ਘਰ ਢਹਿ ਗਿਆ ਜਿਸ ਦੇ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਲਾਕੇ ’ਚ ਬੁਲੇਟ ਟਰੇਨਾਂ ਰੋਕ ਦਿੱਤੀਆਂ ਗਈਆਂ, ਹਾਈਵੇਅ ਦੇ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਪਾਣੀ ਦੀਆਂ ਕਈ ਪਾਈਪਾਂ ਫਟ ਗਈਆਂ ਹਨ। ਮੌਸਮ ਏਜੰਸੀ ਨੇ ਕਿਹਾ ਕਿ ਅਗਲੇ ਹਫ਼ਤੇ ਖਾਸ ਕਰਕੇ ਆਉਂਦੇ ਦੋ ਜਾਂ ਤਿੰਨ ਦਿਨਾਂ ’ਚ ਹੋਰ ਵੱਡੇ ਭੂਚਾਲ ਆ ਸਕਦੇ ਹਨ। ਉੱਤਰੀ ਕੋਰੀਆ ਅਤੇ ਰੂਸ ਨੇ ਵੀ ਆਪਣੇ ਕੁਝ ਹਿੱਸਿਆਂ ’ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਰੂਸੀ ਅਧਿਕਾਰੀਆਂ ਨੇ ਸਖਾਲਿਨ ਟਾਪੂ ਲਈ ਚਿਤਾਵਨੀ ਜਾਰੀ ਕੀਤੀ ਹੈ। ਦੱਖਣੀ ਕੋਰੀਆ ’ਚ ਲੋਕਾਂ ਨੂੰ ਸਮੁੰਦਰ ’ਚ ਹੋਣ ਵਾਲੇ ਬਦਲਾਅ ’ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। -ਏਪੀ

Advertisement

ਭਾਰਤੀ ਸਫ਼ਾਰਤਖਾਨੇ ਵੱਲੋਂ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ

ਟੋਕੀਓ: ਜਪਾਨ ’ਚ ਭਾਰਤੀ ਸਫ਼ਾਰਤਖਾਨੇ ਨੇ ਸੁਨਾਮੀ ਦੇ ਅਲਰਟ ਮਗਰੋਂ ਐਮਰਜੈਂਸੀ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਕੋਈ ਵੀ ਮੁਸ਼ਕਲ ’ਚ ਫਸਿਆ ਭਾਰਤੀ ਕੰਟਰੋਲ ਰੂਮ ਤੋਂ ਸਹਾਇਤਾ ਮੰਗ ਸਕਦਾ ਹੈ। ਟੋਕੀਓ ’ਚ ਭਾਰਤੀ ਮਿਸ਼ਨ ਨੇ ‘ਐਕਸ’ ’ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੰਦਿਆਂ ਭਾਰਤੀ ਸਫ਼ਾਰਤਖਾਨੇ ਦੇ ਨੰਬਰ 81-3930-1715 (ਯਾਕੂਬ ਟੋਪਨੋ), 81-70-1492-0049 (ਅਜੈ ਸੇਠੀ), 81-80-3214-4734 (ਡੀ ਐੱਨ ਬਰਨਵਾਲ), 81-80-3214-4722 (ਵਿਵੇਕ ਰਾਠੌਰ) ਅਤੇ 81-80-6229-5382 (ਐੱਸ ਭੱਟਾਚਾਰਿਆ) ਜਾਰੀ ਕੀਤੇ ਹਨ। ਸਫ਼ਾਰਤਖਾਨੇ ਨੇ ਦੋ ਈਮੇਲ sscons.tokyo@mea.gov.in ਅਤੇ offfseco.tokyo@mea.gov.in ਵੀ ਜਾਰੀ ਕੀਤੀਆਂ ਹਨ। ਸਫ਼ਾਰਤਖਾਨੇ ਨੇ ਇਕ ਬਿਆਨ ’ਚ ਕਿਹਾ ਕਿ ਅੰਬੈਸੀ ਸਬੰਧਤ ਅਧਿਕਾਰੀਆਂ ਦੇ ਲਗਾਤਾਰ ਸੰਪਰਕ ’ਚ ਹੈ ਅਤੇ ਸਥਾਨਕ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। -ਪੀਟੀਆਈ

Advertisement
Advertisement