ਤਾਇਵਾਨ ’ਚ ਜ਼ੋਰਦਾਰ ਭੂਚਾਲ: 7 ਮੌਤਾਂ, 700 ਤੋਂ ਵੱਧ ਜ਼ਖ਼ਮੀ ਤੇ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ
ਤਾਇਪੇ, 3 ਅਪਰੈਲ
ਤਾਇਵਾਨ ਵਿੱਚ ਅੱਜ ਸਵੇਰੇ 25 ਸਾਲਾਂ ’ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ, 700 ਤੋਂ ਵੱਧ ਜ਼ਖ਼ਮੀ ਹੋ ਗਏ। ਕੁਝ ਇਮਾਰਤਾਂ ਨੂੰ ਨੁਕਸਾਨ ਪੁੱਜਾ। ਭੂਚਾਲ ਦੀ ਸ਼ਿੱਦਤ 7.2 ਨਾਪੀ ਗਈ। ਭੂਚਾਲ ਕਾਰਨ ਦੱਖਣ-ਪੂਰਬੀ ਸ਼ਹਿਰ ਹੁਆਲੀਅਨ ਦੇ ਇਲਾਕੇ ਵਿੱਚ ਸਥਿਤ ਪੰਜ ਮੰਜ਼ਿਲਾ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੀ ਪਹਿਲੀ ਮੰਜ਼ਿਲ ਢਹਿ ਗਈ ਹੈ ਅਤੇ ਬਾਕੀ ਇਮਾਰਤ ਝੁਕ ਗਈ ਹੈ। ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਖੇਡ ਮੈਦਾਨ ਵਿੱਚ ਲਿਜਾਇਆ ਗਿਆ ਅਤੇ ਹੈਲਮਟ ਪਹਿਨਣ ਲਈ ਤਿਆਰ ਕੀਤਾ ਗਿਆ। ਕੁਝ ਬੱਚੇ ਉੱਪਰੋਂ ਡਿੱਗਣ ਵਾਲੀਆਂ ਚੀਜ਼ਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਤਾਬਾਂ ਨਾਲ ਸਿਰ ਢੱਕਦੇ ਦੇਖੇ ਗਏ। ਕੌਮੀ ਫਾਇਰ ਏਜੰਸੀ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੋ ਘੰਟੇ ਬਾਅਦ ਸੁਨਾਮੀ ਦਾ ਖ਼ਤਰਾ ਕਾਫੀ ਹੱਦ ਤੱਕ ਟਲ ਗਿਆ ਹੈ। ਦੇਸ਼ ਦੀ ਆਬਾਦੀ 2.3 ਕਰੋੜ ਹੈ। ਰਾਸ਼ਟਰੀ ਸੰਸਦ ਦੀ ਇਮਾਰਤ ਦੀਆਂ ਕੰਧਾਂ ਅਤੇ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਤਾਇਵਾਨ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਤਾਕਤਵਰ ਭੂਚਾਲ 21 ਸਤੰਬਰ 1999 ਨੂੰ ਆਇਆ ਸੀ, ਜਿਸਦੀ ਸ਼ਿੱਦਤ 7.7 ਸੀ। ਇਸ ਵਿੱਚ 2400 ਵਿਅਕਤੀ ਮਾਰੇ ਗਏ ਸਨ, ਲੱਖ ਜ਼ਖਮੀ ਹੋਏ ਸਨ ਅਤੇ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਸਨ।