ਸੀਵਰੇਜ ਕਾਮਿਆਂ ਵੱਲੋਂ ਹੜਤਾਲ ਮੁਲਤਵੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਕਤੂਬਰ
ਇੱਥੇ ਚਾਰ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੇ ਵਿਭਾਗ ਦੇ ਅਧਿਕਾਰੀਆਂ ਦੇ ਭਰੋਸੇ ’ਤੇ ਹੜਤਾਲ 25 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਸ਼ੇਰ ਸਿੰਘ ਖੰਨਾ, ਸੰਘਰਸ਼ ਕਮੇਟੀ ਸੰਗਰੂਰ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ, ਸੀਤਾ ਰਾਮ ਬਾਲਦ ਕਲਾਂ ਅਤੇ ਮੇਲਾ ਸਿੰਘ ਪੁੰਨਾਂਵਾਲ ਨੇ ਦੱਸਿਆ ਕਿ ਕੰਪਨੀ ਠੇਕੇਦਾਰਾਂ ਅਤੇ ਸੁਸਾਇਟੀਆਂ ਵੱਲੋਂ ਕਾਮਿਆਂ ਨੂੰ ਛੇ-ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਉਨ੍ਹਾਂ ਦਾ ਬਣਦਾ ਈਪੀਐੱਫ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਇੱਥੋਂ ਤੱਕ ਤਨਖ਼ਾਹਾਂ ’ਚ ਚੰਨੀ ਸਰਕਾਰ ਵੇਲੇ 416 ਰੁਪਏ ਦਾ ਕੀਤਾ ਗਿਆ ਵਾਧਾ ਅੱਜ ਤੱਕ ਵਰਕਰਾਂ ਨੂੰ ਨਹੀਂ ਮਿਲਿਆ। ਇਸ ਦੇ ਰੋਸ ਵਜੋਂ ਇਹ ਧਰਨਾ ਅਤੇ ਹੜਤਾਲ ਡਿਵੀਜ਼ਨ ਸੰਗਰੂਰ ਵਿੱਚ ਪੈਂਦੇ ਲੌਂਗੋਵਾਲ, ਚੀਮਾ, ਦਿੜਬਾ, ਲਹਿਰਾ, ਪਾਤੜਾਂ ਖਨੌਰੀ, ਮੂਣਕ, ਧੂਰੀ ਅਤੇ ਪਟਿਆਲਾ ਵਿੱਚ ਪੈਂਦੇ ਕਸਬਾ ਪਾਤੜਾਂ ਦੇ ਕਾਮਿਆਂ ਵੱਲੋਂ ਲਗਾਤਾਰ ਜਾਰੀ ਸੀ।
ਸੰਗਰੂਰ ਧਰਨੇ ਵਿੱਚ ਪਹੁੰਚੇ ਸਬ-ਡਿਵੀਜ਼ਨ ਇੰਜਨੀਅਰ ਲਲਿਤ ਮਿੱਤਲ ਅਤੇ ਜੂਨੀਅਰ ਇੰਜਨੀਅਰ ਸਿਮਰਨਜੀਤ ਸਿੰਘ ਨੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 23 ਅਕਤੂਬਰ ਤੱਕ ਲਹਿਰਾ ਖਨੌਰੀ ਅਤੇ ਮੂਨਕ ਦੀਆਂ ਤਨਖਾਹਾਂ ਅਤੇ ਬਕਾਏ ਉਨ੍ਹਾਂ ਦੇ ਖਾਤਿਆਂ ’ਚ ਪਾ ਦਿੱਤੇ ਜਾਣਗੇ। ਇਸੇ ਤਰ੍ਹਾਂ 24 ਅਕਤੂਬਰ ਤੱਕ ਪਾਤੜਾਂ ਪਲਾਂਟ ’ਤੇ ਕੰਮ ਕਰਦੇ ਕਾਮਿਆਂ ਦੀਆਂ ਤਨਖਾਹਾਂ ਅਤੇ ਬਕਾਏ ਵੀ ਉਨ੍ਹਾਂ ਦੇ ਖਾਤਿਆਂ ’ਚ ਭੇਜ ਦਿੱਤੇ ਜਾਣਗੇ। ਇਸ ਦੌਰਾਨ ਅਧਿਕਾਰੀਆਂ ਦੇ ਲਿਖਤੀ ਭਰੋਸੇ ਮਗਰੋਂ ਕਾਮਿਆਂ ਨੇ ਹੜਤਾਲ ਮੁਲਤਵੀ ਕਰ ਦਿੱਤੀ।