ਮਾਰਕੀਟ ਫੀਸ ’ਚ ਵਾਧੇ ਖ਼ਿਲਾਫ਼ ਸਬਜ਼ੀ ਮੰਡੀਆਂ ’ਚ ਹੜਤਾਲ
ਟੋਹਾਣਾ (ਪੱਤਰ ਪ੍ਰੇਰਕ): ਵਪਾਰੀਆਂ ਲਈ ਮਾਰਕੀਟ ਫੀਸ ਵਿੱਚ ਉੱਕਾ-ਪੁੱਕਾ ਵਾਧਾ ਕਰਨ ਦੇ ਵਿਰੋਧ ’ਚ ਸਬਜ਼ੀ ਮੰਡੀਆਂ ਵਿੱਚ ਇਕ ਰੋਜ਼ਾ ਸੰਕੇਤਕ ਹੜਤਾਲ ਕਰ ਕੇ ਰੋਸ ਮੁਜ਼ਾਹਰਾ ਕੀਤਾ। ਹਲਕੇ ਦੀਆਂ ਜਾਖਲ, ਭੂਨਾ, ਰਤੀਆ, ਫਤਿਹਾਬਾਦ, ਭੱਠੂਕਲਾ ਸਬਜ਼ੀਆਂ ਮੰਡੀਆਂ ਪੂਰਨ ਤੌਰ ’ਤੇ ਬੰਦ ਰੱਖ ਕੇ ਨਵੇਂ ਕਾਨੂੰਨ ਨੂੰ ਕਾਲਾ ਕਾਨੂੰਨ ਦੱਸ ਕੇ ਵਿਰੋਧ ਕੀਤਾ ਗਿਆ। ਹੜਤਾਲ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਮਾਰਕੀਟ ਫੀਸ ਵਾਧੇ ਸਬੰਧੀ ਨਵਾਂ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਸੂਬੇ ਦੀਆਂ ਸਬਜ਼ੀ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ। ਸਬਜ਼ੀ ਮੰਡੀ ਟੋਹਾਣਾ ਦੇ ਪ੍ਰਧਾਨ ਆਸ਼ੀਸ਼ ਪਰੂਥੀ, ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ, ਅਹੁਦੇਦਾਰ ਸੁਭਾਸ਼ ਤਨੇਜਾ, ਮੁਲਚੰਦ ਬਤਰਾ, ਸੰਜੀਵ ਸੈਨੀ, ਲਵਲੀ ਸਪੜਾ, ਰਾਜ ਕੱਕੜ ਤੇ ਹੋਰ ਵਪਾਰੀਆਂ ਨੇ ਮੰਡੀ ਗੇਟ ’ਤੇ ਧਰਨਾ ਦਿੱਤਾ ਜਿਸ ਵਿੱਚ ਰੇਹੜੀ ਵਾਲੇ ਤੇ ਚਾਹ ਖੋਖੇ ਵਾਲੇ ਵੀ ਸ਼ਾਮਲ ਸਨ। ਪਰੂਥੀ ਨੇ ਦੋਸ਼ ਲਾਇਆ ਕਿ ਮਾਰਕੀਟ ਫੀਸ ਵਿੱਚ 20 ਤੋਂ 30 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਜਿਸ ਦਾ ਸਿੱਧਾ ਆਮ ਲੋਕਾਂ ’ਤੇ ਪਵੇਗਾ।