ਪੇਂਡੂ ਅਦਾਲਤਾਂ ਦੀ ਤਜਵੀਜ਼ ਵਿਰੁੱਧ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 23 ਸਤੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਪੇਂਡੂ ਅਦਾਲਤਾਂ ਸਥਾਪਿਤ ਕਰਨ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਹੜਤਾਲ ਕੀਤੀ ਗਈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਪੇਂਡੂ ਅਦਾਲਤਾਂ ਸਥਾਪਿਤ ਕਰਨ ਦਾ ਸਰਕਾਰ ਦਾ ਫ਼ੈਸਲਾ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮੋਬਾਈਲ ਕੋਰਟਾਂ ਚਲਾਉਣ ਦੇ ਫ਼ੈਸਲੇ ਵਾਂਗ ਗੈਰ ਵਿਵਹਾਰਿਕ ਅਤੇ ਗਲਤ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਕੇਸਾਂ ਦੇ ਜਲਦੀ ਨਿਪਟਾਰੇ ਲਈ ਜੱਜਾਂ ਅਤੇ ਜੁਡੀਸ਼ਲ ਸਟਾਫ਼, ਪੁਲੀਸ ਭਰਤੀ ਅਤੇ ਮੁੱਢਲੇ ਢਾਂਚੇ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰੀ ਹੈ। ਅਜਿਹਾ ਨਾ ਹੋਣ ’ਤੇ ਪੇਂਡੂ ਅਦਾਲਤਾਂ ਨਾਲ ਸਮੱਸਿਆਵਾਂ ਹੋਰ ਵਧਣਗੀਆਂ। ਉਨ੍ਹਾਂ ਨੇ ਬਿਜਲੀ ਦੇ ਮੁੱਦੇ ’ਤੇ ਮੁਕੇਰੀਆਂ ਬਾਰ ਐਸੋਸੀਏਸ਼ਨ ਵਲੋਂ ਦਿੱਤੇ ਸੂਬਾ ਪੱਧਰੀ ਸੱਦੇ ਨੂੰ ਸਮਰਥਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ। ਮੀਟਿੰਗ ’ਚ ਜਨਰਲ ਸਕੱਤਰ ਰਜਨੀ ਨੰਦਾ, ਸਕੱਤਰ ਨਿਪੁੰਨ ਸ਼ਰਮਾ, ਰੋਮਨ ਸੱਭਰਵਾਲ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੰਮਣ, ਆਰ.ਪੀ ਧੀਰ, ਕੁਲਦੀਪ ਸਿੰਘ, ਅਸ਼ੋਕ ਵਾਲੀਆ, ਏ.ਕੇ ਸੋਨੀ ਆਦਿ ਮੌਜੂਦ ਸਨ।