ਮੰਗਾਂ ਸਬੰਧੀ ਮਿਉਂਸਿਪਲ ਐਂਪਲਾਈਜ਼ ਯੂਨੀਅਨ ਵੱਲੋਂ ਹੜਤਾਲ
ਸ਼ਸ਼ੀ ਪਾਲ ਜੈਨ
ਖਰੜ,18 ਅਗਸਤ
ਮਿਉਂਸਿਪਲ ਐਂਪਲਾਈਜ਼ ਯੂਨੀਅਨ ਨਗਰ ਕੌਂਸਲ ਖਰੜ ਵਲੋਂ ਅੱਜ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਅਤੇ ਪੰਜਾਬ ਸਟੇਟ ਡਿਸਟਿਕਟ ਅਫਸਰਜ਼ ਐਂਪਲਾਈਜ ਯੂਨੀਅਨ ਦੇ ਸੱਦੇ ’ਤੇ ਹੜਤਾਲ ਕੀਤੀ ਗਈ, ਜਿਸ ਦੌਰਾਨ ਕਰਮਚਾਰੀਆਂ ਵੱਲੋਂ ਆਪਣਾ ਪੂਰਾ ਕੰਮ-ਕਾਜ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ। ਇਸ ਮੌਕੇ ਯੂਨੀਅਨ ਨੇ ਮੰਗ ਕੀਤੀ ਕਿ ਸਰਕਾਰ ਹਰੇਕ ਕੈਟਾਗਰੀ ਦੇ ਕੱਚੇ/ ਕੰਟਰੈਕਟ ਬੇਸ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰੇ। ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਨਵੀਂ ਭਰਤੀ ਪੂਰੇ ਤਨਖਾਹ ਸਕੇਲ ’ਤੇ ਕੀਤੀ ਜਾਵੇ ਅਤੇ ਪ੍ਰੋਬੇਸ਼ਨ ਪੀਰੀਅਡ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ। ਨਵੀਂ ਭਰਤੀ ’ਤੇ ਕੇਂਦਰ ਦੇ ਲਾਗੂ ਕੀਤੇ ਸਕੇਲਾਂ ਦਾ ਫ਼ੈਸਲਾ ਵਾਪਸ ਲਿਆ ਜਾਵੇ। ਮੋਬਾਈਲ ਭੱਤਾ ਘਟਾਏ ਜਾਣ ਅਤੇ 200/- ਰੁਪਏ ਵਿਕਾਸ ਟੈਕਸ ਲਗਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ। ਬਰਾਬਰ ਕੰਮ ਅਤੇ ਬਰਾਬਰ ਤਨਖਾਹ ਸਿਧਾਂਤ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬੀਟਾਂ ਅਨੁਸਾਰ ਸਫ਼ਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ। ਸਥਾਨਕ ਸਰਕਾਰ ਦੇ ਮੁਲਾਜ਼ਮਾਂ ਨੂੰ ਰਹਿਣ ਲਈ ਮਕਾਨ ਦਿੱਤੇ ਜਾਣ। ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਿਊਂਸਿਪਲ ਕਰਮਚਾਰੀਆਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਭਗਵਤ ਸਿੰਘ ਪ੍ਰਧਾਨ, ਮਹੇਸ਼ ਚੰਦਰ ਜਨਰਲ ਸਕੱਤਰ, ਹਰਪ੍ਰੀਤ ਸਿੰਘ ਖੱਟੜਾ, ਅੰਗਰੇਜ਼ ਸਿੰਘ, ਜਸਵੀਰ ਕੌਰ, ਜੀਐੱਮ ਸਿੰਘ, ਰਮੇਸ਼ ਚੰਦ ਵੱਲੋਂ ਮੁਲਾਜ਼ਮਾਂ ਦੇ ਇੱਕਠ ਨੂੰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।