ਪੀਜੀਆਈ ’ਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਹੜਤਾਲ
ਕੁਲਦੀਪ ਸਿੰਘ
ਚੰਡੀਗੜ੍ਹ, 3 ਅਪਰੈਲ
ਪੀਜੀਆਈ ਵਿੱਚ ਬੀਤੇ ਦਿਨ ਪੈਦਲ ਰੋਸ ਯਾਤਰਾ ਕਰਨ ਲਈ ਇਕੱਠੇ ਹੋਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਜੁਆਇੰਟ ਐਕਸ਼ਨ ਕਮੇਟੀ ਦੇ ਮੁਲਾਜ਼ਮ ਆਗੂਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਅੱਜ ਆਊਟਸੋਰਸਡ ਕਾਮਿਆਂ ਵੱਲੋਂ ਹੜਤਾਲ ਕਰਕੇ ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਹਸਪਤਾਲ ਅਟੈਂਡੈਂਟਸ, ਸਫ਼ਾਈ ਕਰਮਚਾਰੀਆਂ ਸਮੇਤ ਹੋਰ ਕਈ ਡਿਊਟੀਆਂ ਉਤੇ ਤਾਇਨਾਤ ਕੱਚੇ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਦੇ ਹੋਰਨਾਂ ਕਈ ਵਿਭਾਗਾਂ ਤੋਂ ਵੀ ਯੂਨੀਅਨ ਆਗੂਆਂ ਨੇ ਪਹੁੰਚ ਕੇ ਸਮਰਥਨ ਦਿੱਤਾ।
ਹੜਤਾਲੀ ਕਾਮਿਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੀਜੀਆਈ ਪ੍ਰਸ਼ਾਸਨ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਆ ਰਿਹਾ ਹੈ। ਪ੍ਰਸ਼ਾਸਨ ਨਾ ਤਾਂ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਤਿੰਨੋਂ ਨੋਟੀਫਿਕੇਸ਼ਨਾਂ ਉਤੇ ਅਮਲ ਕਰ ਰਿਹਾ ਹੈ। ਡਾਇਰੈਕਟਰ ਪ੍ਰੋ. ਵਿਵੇਕ ਲਾਲ ਤਾਂ ਪਿਛਲੀ ਰੈਲੀ ਵਿੱਚ ਮੰਗਾਂ ਦਾ ਹੱਲ ਕਢਵਾਉਣ ਦਾ ਬਿਲਕੁਲ ਸਪੱਸ਼ਟ ਭਰੋਸਾ ਦੇ ਕੇ ਖਾਮੋਸ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਲੋਕਤੰਤਰਿਕ ਢੰਗ ਨਾਲ ਬੀਤੇ ਦਿਨ 2 ਅਪਰੈਲ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੀਜੀਆਈ ਦੇ ਟਰਾਂਸਪੋਰਟ ਗੇਟ ਤੋਂ ਲੈ ਕੇ ਸੈਕਟਰ 25 ਤੱਕ ਪੈਦਲ ਰੋਸ ਰੈਲੀ ਕੱਢੀ ਜਾਣੀ ਸੀ ਪਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲੀਸ ਨੇ ਹਾਈ ਕੋਰਟ ਵੱਲੋਂ ਧਰਨੇ ਰੈਲੀਆਂ ’ਤੇ ਪਾਬੰਦੀ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਮੁਲਾਜ਼ਮ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਬੁਲਾਰਿਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਿਰਫ਼ ਪੀਜੀਆਈ ਵਿੱਚ ਹੀ ਨਹੀਂ ਬਲਕਿ ਹੋਰਨਾਂ ਵਿਭਾਗਾਂ ਵਿੱਚ ਵੀ ਸਹਿਯੋਗੀ ਜਥੇਬੰਦੀਆਂ ਵੱਲੋਂ ਹੜਤਾਲਾਂ ਕਰਕੇ ਇਹ ਕਾਮਿਆਂ ਦਾ ਮੁੱਦਾ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਤੱਕ ਵੀ ਪਹੁੰਚਾਇਆ ਜਾਵੇਗਾ।
ਹੜਤਾਲ ਕਰਕੇ ਪੀਜੀਆਈ ਵਿੱਚ ਕੰਮ-ਕਾਜ ਪ੍ਰਭਾਵਿਤ
ਕਾਮਿਆਂ ਦੀ ਹੜਤਾਲ ਕਰਕੇ ਅੱਜ ਪੀਜੀਆਈ ਦੇ ਵੱਖ-ਵੱਖ ਵਾਰਡਾਂ ਵਿੱਚ ਕੰਮ-ਕਾਜ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੀਜੀਆਈ ਪ੍ਰਬੰਧਨ ਅਨੁਸਾਰ ਇਹ ਹੜਤਾਲ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਜਿਸ ਨੇ ਹਸਪਤਾਲ ਦੇ ਅਹਾਤੇ ਵਿੱਚ ਹੜਤਾਲ ਅਤੇ ਪ੍ਰਦਰਸ਼ਨਾਂ ’ਤੇ ਰੋਕ ਲਗਾ ਦਿੱਤੀ ਸੀ। ਅੱਜ ਹੜਤਾਲ ਦੇ ਬਾਵਜੂਦ ਐਮਰਜੈਂਸੀ, ਆਊਟਪੇਸ਼ੈਂਟ ਅਤੇ ਇਨਪੇਸ਼ੈਂਟ ਵਿਭਾਗਾਂ ਵਿੱਚ ਮਰੀਜ਼ਾਂ ਨੂੰ ਨਿਰਵਿਘਨ ਮਰੀਜ਼ਾਂ ਦੀ ਦੇਖਭਾਲ ਪ੍ਰਦਾਨ ਕੀਤੀ ਗਈ। ਪ੍ਰਬੰਧਨ ਦੇ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਆਊਟਪੇਸ਼ੈਂਟ ਵਿਭਾਗਾਂ ਵਿੱਚ ਕੁੱਲ 10973 ਮਰੀਜ਼ ਰਜਿਸਟਰਡ ਹੋਏ ਜਦਕਿ ਐਮਰਜੈਂਸੀ ਵਿਭਾਗ ਵਿੱਚ 159 ਨਵੇਂ ਮਰੀਜ਼ ਰਜਿਸਟਰਡ ਹੋਏ। ਇਨ੍ਹਾਂ ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਵਾਰਡਾਂ ਵਿੱਚ 110 ਨਵੇਂ ਮਰੀਜ਼ ਦਾਖਲ ਹੋਏ। ਵੱਖ-ਵੱਖ ਅਪਰੇਸ਼ਨ ਥੀਏਟਰਾਂ ਵਿੱਚ 22 ਐਮਰਜੈਂਸੀ ਸਰਜਰੀਆਂ ਸਮੇਤ ਕੁੱਲ 207 ਸਰਜੀਕਲ ਪ੍ਰਕਿਰਿਆਵਾਂ ਕੀਤੀਆਂ ਗਈਆਂ।
ਆਊਟਸੋਰਸਡ ਕਾਮਿਆਂ ਦੀਆਂ ਮੰਗਾਂ
ਯੂਨੀਅਨ ਆਗੂਆਂ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੀਆਂ ਮੰਗਾਂ ਵਿੱਚ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਬਰਾਬਰ ਕੰਮ-ਬਰਾਬਰ ਤਨਖਾਹ ਦੇਣਾ, ਭਾਰਤ ਸਰਕਾਰ ਦੀ 12 ਦਸੰਬਰ 2014 ਦੀ ਨੋਟੀਫਿਕੇਸ਼ਨ ਤਹਿਤ ਕੰਟਰੈਕਟਰ ਲੇਬਰ ਨੂੰ ਰੈਗੂਲਰ ਕਰਨਾ, ਈਐੱਸਆਈ ਦੇ ਦਾਇਰੇ ਵਿੱਚ ਨਾ ਆਉਣ ਵਾਲੇ ਕੰਟਰੈਕਟ ਸਟਾਫ਼ ਨੂੰ ਮੈਡੀਕਲ ਸਹੂਲਤਾਂ ਦੇਣਾ, 21 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਕੰਟਰੈਕਟ ਸਟਾਫ਼ ਨੂੰ ਬੋਨਸ ਦਿਵਾਉਣਾ ਅਤੇ ਕੰਟਰੈਕਟ ਸਟਾਫ਼ ਲਈ ਕੰਟੀਨ 24 ਘੰਟੇ ਖੁੱਲ੍ਹੀ ਰੱਖਣਾ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਪ੍ਰਬੰਧਨ ਦੀ ਵਰਕਰਾਂ ਪ੍ਰਤੀ ਬੇਰੁਖੀ ਕਰਕੇ ਸਾਢੇ ਚਾਰ ਹਜ਼ਾਰ ਦੇ ਕਰੀਬ ਵਰਕਰ ਪ੍ਰਭਾਵਿਤ ਹੋ ਰਹੇ ਹਨ ਅਤੇ ਇੰਨੀਆਂ ਘੱਟ ਉਜਰਤਾਂ ਨਾਲ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ।