ਸਰਕਾਰੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ
ਪੱਤਰ ਪ੍ਰੇਰਕ
ਤਰਨ ਤਾਰਨ, 23 ਅਕਤੂਬਰ
ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਸਥਾਨਕ ਡਿੱਪੂ ਇਕਾਈ ਵੱਲੋਂ ਆਪਣੀਆਂ ਮੰਗਾਂ ਸਬੰਧੀ ਇੱਥੇ ਬੱਸ ਅੱਡਾ ਬੰਦ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ ਕਰਦਿਆਂ ਰੈਲੀ ਕੀਤੀ ਗਈ| ਜਥੇਬੰਦੀ ਦੇ ਡਿੱਪੂ ਪ੍ਰਧਾਨ ਸਤਨਾਮ ਸਿੰਘ ਤੁੜ ਦੀ ਅਗਵਾਈ ਵਿੱਚ ਬੱਸ ਅੱਡਾ ਬੰਦ ਕਰ ਕੇ ਕੀਤੀ ਰੈਲੀ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਸੁਖਚੈਨ ਸਿੰਘ, ਗੁਰਵੇਲ ਸਿੰਘ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਜਥੇਬੰਦੀ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇਣ, ਮਾਰੂ ਸ਼ਰਤਾਂ ਨੂੰ ਰੱਦ ਕਰ ਕੇ ਸਰਵਿਸ ਰੂਲ ਲਾਗੂ ਕਰਨ ਆਦਿ ਦੀ ਮੰਗ ਕਰਦੀ ਆ ਰਹੀ ਹੈ ਪਰ ਸਰਕਾਰ ਮੰਗਾਂ ਤੋਂ ਪਾਸਾ ਵੱਟ ਰਹੀ ਹੈ| ਆਗੂਆਂ ਕਿਹਾ ਕਿ ਮੰਗਾਂ ਦੇ ਨਾ ਮੰਨੇ ਜਾਣ ਨੇ ਜਥੇਬੰਦੀ 3 ਤੋਂ 9 ਨਵੰਬਰ ਤੱਕ ਸੂਬੇ ਅੰਦਰ ਤੱਕ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਹਲਕਿਆਂ ਅੰਦਰ ਸਰਕਾਰ ਖ਼ਿਲਾਫ਼ ਝੰਡਾ ਮਾਰਚ ਕਰੇਗੀ|
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ 10 ਤੋਂ 12 ਵਜੇ ਤੱਕ ਦੋ ਘੰਟਿਆਂ ਵਾਸਤੇ ਬਸ ਅੱਡਾ ਬੰਦ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਖ਼ੁਆਰ ਹੋਣਾ ਪਿਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਕੱਟੇ ਮੁਲਾਜ਼ਮਾਂ ਨਾਲ ਹੋ ਰਿਹਾ ਧੱਕਾ ਬੰਦ ਕੀਤਾ ਜਾਵੇ ਤੇ ਉਨ੍ਹਾਂ ਨੂੰ ਪੱਕੇ ਕਰ ਕੇ ਬਣਦੇ ਤਨਖ਼ਾਹ ਸਕੇਲ ਦਿੱਤੇ ਜਾਣ।