ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹੇ ’ਚ ਬਲਾਚੌਰ ਸ਼ਾਮਲ ਕਰਨ ਦੀ ਤਜਵੀਜ਼ ਖ਼ਿਲਾਫ਼ ਹੜਤਾਲ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਮਾਰਚ
ਪ੍ਰਿੰਟ ਮੀਡੀਆ ਦੇ ਇੱਕ ਹਿੱਸੇ ਵੱਲੋਂ ਬੀਤੇ ਦਿਨੀਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤੇ ਜਾਣ ਦੀ ਕਵਾਇਦ ਆਰੰਭ ਕਰ ਦਿੱਤੀ ਗਈ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਲਈ ਰੋਪੜ ਜ਼ਿਲ੍ਹੇ ਦੇ ਨੰਗਲ ਅਤੇ ਨੂਰਪੁਰ ਬੇਦੀ ਇਲਾਕਿਆਂ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਸਬ ਡਿਵੀਜ਼ਨ ਨੂੰ ਵੀ ਸ਼ਾਮਲ ਕੀਤੇ ਜਾਣ ਦਾ ਪ੍ਰਸਤਾਵ ਹੈ।
ਇਸ ਪ੍ਰਸਤਾਵ ਖਿਲਾਫ਼ ਜਿੱਥੇ ਲੋਕਾਂ ਵਿੱਚ ਭਾਰੀ ਰੋਸ ਹੈ, ਉੱਥੇ ਇਸ ਪ੍ਰਸਤਾਵ ਦੇ ਵਿਰੋਧ ਵਿੱਚ ਅੱਜ ਬਾਰ ਐਸੋਸੀਏਸ਼ਨ ਬਲਾਚੌਰ ਨੇ ਇਕ ਰੋਜ਼ਾ ਹੜਤਾਲ ਕਰਕੇ ਮੁਜ਼ਾਹਰਾ ਕੀਤਾ ਅਤੇ ਸਾਰੀਆਂ ਅਦਾਲਤਾਂ ਦਾ ਕੰਮ ਠੱਪ ਰੱਖਿਆ। ਇਸ ਮੌਕੇ ਬਾਰ ਐਸੋਸੀਏਸ਼ਨ ਬਲਾਚੌਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸੈਣੀ ਅਤੇ ਬਾਰ ਮੈਂਬਰਾਂ ਨੇ ਇਸ ਪ੍ਰਸਤਾਵ ਨੂੰ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਲਾਚੌਰ ਸਬ ਡਿਵੀਜ਼ਨ ਦੇ ਸਮੂਹ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬਲਾਚੌਰ ਵਾਸੀਆਂ ਦੀ ਜਿੱਥੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਲ ਇੱਕ ਅਤੁੱਟ ਸਮਾਜਿਕ ਅਤੇ ਆਰਥਿਕ ਸਾਂਝ ਹੈ, ਉੱਥੇ ਜ਼ਿਲ੍ਹੇ ਵਿੱਚ ਹਰ ਵਰਗ ਦੀ ਆਸਾਨ ਪਹੁੰਚ ਹੈ ਜਦਕਿ ਸ਼੍ਰੀ ਆਨੰਦਪੁਰ ਸਾਹਿਬ ਜਾਣ ਲਈ ਲੋਕਾਂ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪਾਰ ਜਾਣਾ ਪਵੇਗਾ, ਜੋ ਕਿਸੇ ਵੀ ਹਾਲਤ ਵਿੱਚ 60-70 ਕਿਲੋਮੀਟਰ ਤੋਂ ਘੱਟ ਨਹੀਂ ਹੈ। ਬਾਰ ਐਸੋਸੀਏਸ਼ਨ ਬਲਾਚੌਰ ਦੇ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਬਲਾਚੌਰ ਸਬ ਡਿਵੀਜ਼ਨ ਨੂੰ ਪ੍ਰਸਤਾਵਿਤ ਜ਼ਿਲ੍ਹੇ ਵਿੱਚ ਸ਼ਾਮਲ ਨਾ ਕੀਤਾ ਜਾਵੇ।