For the best experience, open
https://m.punjabitribuneonline.com
on your mobile browser.
Advertisement

ਅੱਗ ਬੁਝਾਊ ਇੰਤਜ਼ਾਮ ਨਾ ਕਰਨ ’ਤੇ ਸਲਾਹਕਾਰ ਵੱਲੋਂ ਸਖਤੀ

10:09 AM May 01, 2024 IST
ਅੱਗ ਬੁਝਾਊ ਇੰਤਜ਼ਾਮ ਨਾ ਕਰਨ ’ਤੇ ਸਲਾਹਕਾਰ ਵੱਲੋਂ ਸਖਤੀ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਪਰੈਲ
ਯੂਟੀ ਦੇ ਵੱਡੀ ਗਿਣਤੀ ਨਿੱਜੀ ਤੇ ਸਰਕਾਰੀ ਸਕੂਲ ਅੱਗ ਬੁਝਾਉਣ ਦੇ ਬੰਦੋਬਸਤ ਕਰਨਾ ਭੁੱਲ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਡੀ ਗਿਣਤੀ ਸਰਕਾਰੀ ਵਿਭਾਗਾਂ ਨੇ ਫਾਇਰ ਸੇਫਟੀ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਜਿਸ ਕਾਰਨ ਪ੍ਰਸ਼ਾਸਕ ਦੇ ਸਲਾਹਕਾਰ ਨੇ ਹੁਕਮ ਦਿੱਤੇ ਹਨ ਕਿ ਸ਼ਹਿਰ ਦੇ ਸਾਰੇ ਸਰਕਾਰੀ ਵਿਭਾਗ ਤੇ ਸਕੂਲ ਅੱਗ ਬੁਝਾਊ ਇੰਤਜ਼ਾਮ ਮੁਕੰਮਲ ਕਰਨ ਤੇ ਇਸ ਸਬੰਧੀ ਫਾਇਰ ਸੇਫਟੀ ਸਰਟੀਫਿਕੇਟ ਜਮ੍ਹਾਂ ਕਰਵਾਉਣ। ਸਲਾਹਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਵੀ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਸਕੂਲਾਂ ਵਿਚ ਅੱਗ ਬੁਝਾਉਣ ਦੇ ਸਾਰੇ ਯੰਤਰਾਂ ਦੀ ਜਾਂਚ ਕਰਨ ਤੇ ਮਿਆਦ ਪੁੱਗਣ ਵਾਲੇ ਯੰਤਰਾਂ ਨੂੰ ਨਵਿਆਉਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸਕ ਦੇ ਸਲਾਹਕਾਰ ਪ੍ਰਵੀਨ ਵਰਮਾ ਨੇ ਤਿੰਨ ਦਿਨ ਪਹਿਲਾਂ ਸਕੱਤਰੇਤ ਵਿਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਪੀਜੀਆਈ ਦੇ ਹੋਰ ਥਾਵਾਂ ’ਤੇ ਲੱਗ ਰਹੀਆਂ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿਰਦੇਸ਼ ਦਿੱਤੇ। ਇਹ ਵੀ ਪਤਾ ਲੱਗਿਆ ਹੈ ਕਿ ਸਲਾਹਕਾਰ ਨੇ ਇਸ ਮਾਮਲੇ ਵਿਚ ਸਖਤੀ ਕਰਨ ਦੇ ਵੀ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇ ਸਰਕਾਰੀ ਵਿਭਾਗ ਜਾਂ ਸਕੂਲ ਅੱਗ ਬੁਝਾਊ ਇੰਤਜ਼ਾਮ ਮੁਕੰਮਲ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਕੂਲ ਮੁਖੀਆਂ ਨੂੰ ਅੱਜ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਸੈਕਟਰਾਂ ਵਿਚਲੇ ਸਕੂਲ ਸੈਕਟਰ-11 ਦੇ ਫਾਇਰ ਆਫਿਸਰ ਕੋਲ ਫਾਇਰ ਸੇਫਟੀ ਸਰਟੀਫਿਕੇਟ ਲੈਣ ਲਈ ਆਨਲਾਈਨ ਦਰਖਾਸਤ ਦੇਣਗੇ ਜਦਕਿ ਪਿੰਡਾਂ ਵਿਚਲੇ ਸਕੂਲ ਨਗਰ ਨਿਗਮ ਕੋਲ ਪਹੁੰਚ ਕਰਨ ਤੇ ਜਾਂਚ ਕਰਵਾਉਣ।

Advertisement

ਸਕੂਲਾਂ ਨੂੰ ਜਾਂਚ ਕਰਵਾਉਣ ਲਈ ਕਿਹਾ: ਡਾਇਰੈਕਟਰ

ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਜਿਹੜੇ ਸਕੂਲਾਂ ਨੇ ਪਹਿਲੇ ਕਦੇ ਸੇਫਟੀ ਸਰਟੀਫਿਕੇਟ ਹਾਸਲ ਨਹੀਂ ਕੀਤਾ ਉਹ ਫਾਇਰ ਵਿਭਾਗ ਨੂੰ ਆਨਲਾਈਨ ਦਰਖਾਸਤ ਦੇਣ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਗਲੇ ਮਹੀਨੇ ਤੋਂ ਸਕੂਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਸਕੂਲਾਂ ਨੇ ਸੁਰੱਖਿਆ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਉਨ੍ਹਾਂ ਸਕੂਲਾਂ ਖਿਲਾਫ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੈਕਟਰ-37 ਦੇ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਅੱਗ ਬੁਝਾਉਣ ਦੇ ਸਾਰੇ ਯੰਤਰ ਨਕਾਰਾ ਪਏ ਹਨ ਤੇ ਅੱਗ ਬੁਝਾਊ ਯੰਤਰਾਂ ’ਤੇ ਰੱਖ ਰਖਾਅ ਦੀ ਤਾਰੀਖ ਮਿਆਦ ਪੁਗਾ ਗਈ ਹੈ।

Advertisement
Author Image

Advertisement
Advertisement
×