ਆਮਦਨ ਕਰ ’ਚ ਛੋਟ ਲੈਣ ਵਾਲਿਆਂ ’ਤੇ ਖ਼ਿਲਾਫ਼ ਸਖ਼ਤੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਦਸੰਬਰ
ਬਿਨਾਂ ਦਸਤਾਵੇਜ਼ਾਂ ਤੋਂ ਆਮਦਨ ਕਰ ਵਿੱਚ ਛੋਟ ਦਾ ਲਾਭ ਲੈਣ ਵਾਲੇ ਸਰਕਾਰੀ ਤੇ ਹੋਰ ਨਾਮੀ ਕੰਪਨੀ ਪ੍ਰਾਈਵੇਟ ਮੁਲਾਜ਼ਮਾਂ ਉੱਤੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲੀਸ ਤੇ ਹੋਰ ਵਿਭਾਗਾਂ ਸਮੇਤ ਇੱਕ, ਬਹੁਮੰਤਵੀ ਕੌਮਾਂਤਰੀ ਕੰਪਨੀ ਦੇ ਮੁਲਾਜ਼ਮਾਂ ਸਮੇਤ 250 ਤੋਂ ਵੱਧ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਆਮਦਨ ਕਰ ਵਿਭਾਗ ਅਧਿਕਾਰੀ ਸੁਖਜੀਤ ਸਿੰਘ ਔਲਖ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 250 ਦੇ ਕਰੀਬ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਕੋਲੋਂ ਇਨਕਮ ਟੈਕਸ ਛੋਟ ਦਾ ਰਿਕਾਰਡ ਮੰਗਿਆ ਜਾ ਰਿਹਾ ਹੈ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਆਮਦਨ ਕਰ ਦਾਤਿਆਂ ਵੱਲੋਂ ਲਏ ਲਾਭ ਸਹੀ ਹਨ ਜਾਂ ਨਹੀਂ। ਆਮਦਨ ਕਰ ਰਿਟਰਨ ਭਰਨ ਦੇ ਮਾਹਿਰ ਨੇ ਨਾਮ ਨਾ ਲਿਖਣ ਦੀ ਸ਼ਰਤ ਉੱਤੇ ਦੱਸਿਆ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰਬਿੇਟ ਲੈ ਚੁੱਕੇ ਹਨ। ਜੇਕਰ ਉਹ ਹੁਣ ਸਹੀ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਸਕੇ ਤਾਂ ਉਨ੍ਹਾਂ ਨੂੰ ਆਮਦਨ ਕਰ ਦੇ ਨਾਲ ਭਾਰੀ ਜੁਰਮਾਨਾ ਵੀ ਅਦਾ ਕਰਨਾ ਪਵੇਗਾ।
ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਨੇ 250 ਤੋਂ ਵੱਧ ਨੌਕਰੀ ਪੇਸ਼ਾ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਦਸਤਾਵੇਜ਼ ਜਿਨ੍ਹਾਂ ਦੇ ਆਧਾਰ ਉੱਤੇ ਉਨ੍ਹਾਂ ਆਮਦਨ ਕਰ ਵਿਚ ਛੋਟ ਦਾ ਲਾਭ ਲਿਆ ਹੈ, ਨੂੰ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ ਜਿਨ੍ਹਾਂ ’ਚ ਸ਼ਹਿਰ ਦੀ ਇੱਕ ਨਾਮੀ ਬਹੁਮੰਤਵੀ ਕੌਮਾਂਤਰੀ ਕੰਪਨੀ ਦੇ ਕਰੀਬ 150 ਮੁਲਾਜ਼ਮ ਵੀ ਸ਼ਾਮਲ ਹਨ। ਹੁਣ ਅਚਾਨਕ ਨੋਟਿਸ ਮਿਲਣ ਤੋਂ ਬਾਅਦ ਇਹ ਨੌਕਰੀ ਪੇਸ਼ਾ ਚਿੰਤਤ ਹਨ। ਸੂਤਰਾਂ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਦੀ ਆਮਦਨ ਕਰ ਰਿਟਰਨ ਵੀ ਖਾਸ ਵਿਅਕਤੀ ਵੱਲੋਂ ਹੀ ਦਾਖ਼ਲ ਕੀਤੀ ਗਈ ਦੱਸੀ ਜਾਂਦੀ ਹੈ। ਜੋ ਆਮਦਨ ਕਰ ਕੰਮ ਦਾ ਮਾਹਿਰ ਵੀ ਨਹੀਂ ਹੈ ਅਤੇ ਬਹੁਮੰਤਵੀ ਕੰਪਨੀ ’ਚ ਨੌਕਰੀ ਕਰਦਾ ਹੈ, ਉਸ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮਾਂ ਦੀਆਂ ਰਿਟਰਨਾਂ ਭਰਕੇ ਫ਼ਾਇਦਾ ਪਹੁੰਚਾਇਆ ਹੈ। ਸੂਤਰਾਂ ਮੁਤਾਬਕ ਆਮਦਨ ਕਰ ਰਿਟਰਨ ਭਰਨ ਸਮੇਂ ਦਸਤਾਵੇਜ਼ ਨਹੀਂ ਮੰਗੇ ਜਾਂਦੇ ਪਰ ਰਿਟਰਨ ਵਿੱਚ ਦਰਸਾਏ ਖਰਚੇ ਦੀਆਂ ਵਸਤੂਆਂ ਨੂੰ ਬਾਅਦ ਵਿੱਚ ਦਸਤਾਵੇਜ਼ਾਂ ਸਮੇਤ ਆਮਦਨ ਕਰ ਵਿਭਾਗ ਨੂੰ ਸਾਬਤ ਕਰਨਾ ਪੈਂਦਾ ਹੈ। ਸੂਤਰਾਂ ਮੁਤਾਬਕ ਨੌਕਰੀ ਪੇਸ਼ਾ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਛੋਟ ਦਾ ਫਾਇਦਾ ਉਠਾ ਰਹੇ ਸਨ। ਜੇਕਰ ਮੁਲਾਜ਼ਮ ਛੋਟ ਸਬੰਧੀ ਦਸਤਾਵੇਜ਼ ਪੇਸ਼ ਨਾ ਕਰ ਸਕੇ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣ ਦੇ ਆਸਾਰ ਹਨ।