ਨਗਰ ਨਿਗਮ ਵੱਲੋਂ ਪਿਟਬੁੱਲ ਅਤੇ ਰੌਟਵੀਲਰ ਕੁੱਤਿਆਂ ਖ਼ਿਲਾਫ਼ ਸਖ਼ਤੀ
ਪੀਪੀ ਵਰਮਾ
ਪੰਚਕੂਲਾ, 11 ਨਵੰਬਰ
ਪੰਚਕੂਲਾ ਨਗਰ ਨਿਗਮ ਖੇਤਰ ਵਿੱਚ ਪਿਟਬੁਲ ਅਤੇ ਰੌਟਵੀਲਰ ਨਸਲ ਦੇ ਕੁੱਤਿਆਂ ਨੂੰ ਰੱਖਣ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਜੇ ਇਹ ਕੁੱਤੇ ਕਿਸੇ ਜਾਨਵਰ ਜਾਂ ਵਿਅਕਤੀ ਨੂੰ ਵੱਢਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਕੁੱਤੇ ਦੇ ਮਾਲਕ ਨੂੰ ਲੈਣੀ ਪਵੇਗੀ। ਪੀੜਤ ਨੂੰ ਹੋਏ ਨੁਕਸਾਨ ਦੀ ਭਰਪਾਈ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜੁਰਮਾਨਾ ਲਗਾਇਆ ਜਾਵੇਗਾ। ਪਹਿਲਾ ਜੁਰਮਾਨਾ 5,000 ਰੁਪਏ ਅਤੇ ਦੂਜਾ ਜੁਰਮਾਨਾ 10,000 ਰੁਪਏ ਹੋਵੇਗਾ। ਇਸ ਸਬੰਧੀ ਇੱਕ ਹਲਫ਼ਨਾਮਾ ਵੀ ਨਗਰ ਨਿਗਮ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਨਸਲ ਦੇ ਕੁੱਤਿਆਂ ਨੂੰ ਸੈਰ ਕਰਦੇ ਸਮੇਂ ਗਲੇ ਵਿੱਚ ਟੋਕਨ ਲਟਕਾਉਣਾ ਵੀ ਲਾਜ਼ਮੀ ਹੋਵੇਗਾ। ਇਹ ਫੈਸਲਾ ਨਗਰ ਨਿਗਮ ਵਿੱਚ ਹੋਈ ਮਾਲ ਉਗਰਾਹੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਹੋਰ ਮੁੱਦਿਆਂ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੇਅਰ ਕੁਲਭੂਸ਼ਣ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਦੱਸਿਆ ਗਿਆ ਕਿ ਪਿਛਲੀ ਵਾਰ 200 ਪਿਟਬੁਲ ਅਤੇ ਰੌਟਵੀਲਰ ਨਸਲ ਦੇ ਕੁੱਤੇ ਰਜਿਸਟਰਡ ਕੀਤੇ ਗਏ ਸਨ। ਇਸ ਵਾਰ ਹੁਣ ਤੱਕ ਸਿਰਫ਼ 60 ਲੋਕਾਂ ਨੇ ਇਨ੍ਹਾਂ ਨਸਲਾਂ ਦੇ ਕੁੱਤਿਆਂ ਦੀ ਰਜਿਸਟਰੇਸ਼ਨ ਕਰਵਾਈ ਹੈ। ਰਜਿਸਟਰੇਸ਼ਨ ਕਰਵਾਉਣ ਦੀ ਆਖ਼ਰੀ ਮਿਤੀ 31 ਨਵੰਬਰ ਹੈ। ਜੇ ਸ਼ਹਿਰ ਵਿੱਚ ਕੁੱਤਿਆਂ ਦਾ ਸ਼ੋਅ ਹੁੰਦਾ ਹੈ ਤਾਂ ਉਪਰੋਕਤ ਸ਼ਰਤਾਂ ਅਤੇ ਹਦਾਇਤਾਂ ਲਾਗੂ ਨਹੀਂ ਹੋਣਗੀਆਂ। ਮੀਟਿੰਗ ਵਿੱਚ ਕਿਹਾ ਗਿਆ ਕਿ ਕੁੱਤਿਆਂ ਦਾ ਟੀਕਾਕਰਨ ਕਰਵਾਉਣਾ ਲਾਜ਼ਮੀ ਹੋਵੇਗਾ।