ਆਜ਼ਾਦੀ ਦਿਹਾੜੇ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ
ਪੱਤਰ ਪ੍ਰੇਰਕ
ਜਲੰਧਰ, 14 ਅਗਸਤ
ਆਜ਼ਾਦੀ ਦਿਹਾੜੇ ਸਬੰਧੀ ਅੱਜ ਕਮਿਸ਼ਨਰੇਟ ਪੁਲੀਸ ਵੱਲੋਂ ਵੱਖ ਵੱਖ ਥਾਂਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਕਰ ਰਹੇ ਸਨ। ਪੁਲੀਸ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ, ਦੇਵੀ ਤਲਾਬ ਮੰਦਰ, ਮਾਡਲ ਟਾਊਨ, ਬੱਸ ਸਟੈਂਡ, ਦੋਆਬਾ ਚੌਕ ਤੇ ਹੋਰ ਭੀੜ-ਭਾੜ ਇਲਾਕੇ ’ਤੇ ਚੈਕਿੰਗ ਕੀਤੀ ਤੇ ਫਲੈਗ ਮਾਰਚ ਕੱਢਿਆ। ਇਸੇ ਤਰ੍ਹਾਂ ਰੇਲਵੇ ਪੁਲੀਸ ਫੋਰਸ ਵਲੋਂ ਜਲੰਧਰ ਅਤੇ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨਾਂ ’ਤੇ ਚੈਕਿੰਗ ਕੀਤੀ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਦਿਹਾਤੀ ਪੁਲੀਸ ਵਲੋਂ ਵੀ ਨਕੋਦਰ, ਲੋਹੀਆ, ਆਦਮਪੁਰ, ਜਡਿਆਲਾ, ਜਮਸ਼ੇਰ ਤੇ ਹੋਰ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ। ਆਜ਼ਾਦੀ ਦਿਵਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਅੱਜ ਸ਼ਨੀਵਾਰ ਨੂੰ ਫੁੱਲ ਡਰੈਸ ਰਿਹਰਸਲ ਹੋਈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ । ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕਿਸ਼ਨ ਰੌੜੀ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਸ਼ਹਿਰ ਵਿੱਚ ਅਤੇ ਖ਼ਾਸ ਕਰਕੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਵਾਲੇ ਸਥਾਨ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗੁਰੂ ਨਾਨਕ ਦੇਵ ਸਟੇਡੀਅਮ ਜਿੱਥੇ ਵਿੱਤ ਮੰਤਰੀ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ, ਦੇ ਵੱਲ ਆਉਣ ਜਾਣ ਵਾਲੇ ਰਸਤਿਆਂ ਤੇ ਪੁਲੀਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ਵਿਚ ਆਉਣ ਜਾਣ ਵਾਲੇ ਰਸਤਿਆਂ ’ਤੇ ਵੀ ਨਾਕੇ ਲਾਏ ਗਏ ਹਨ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ ਹੈ। ਪੁਲੀਸ ਤੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲੀਸ ਵੱਲੋਂ ਆਜ਼ਾਦੀ ਦਿਵਸ ਅਤੇ ਆ ਰਹੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਵਧੇਰੇ ਚੌਕਸੀ ਪ੍ਰਬੰਧ ਕੀਤੇ ਗਏ ਹਨ । ਜਨਤਕ ਥਾਵਾਂ ਅਤੇ ਵਧੇਰੇ ਸੰਵੇਦਨਸ਼ੀਲਤਾਵਾਂ ਤੇ ਨਿਗਰਾਨੀ ਵਾਸਤੇ ਪੁਲੀਸ ਬਲ ਦੀ ਗਿਣਤੀ ਵਧਾਈ ਗਈ ਹੈ। ਪੁਲੀਸ ਵੱਲੋਂ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਬੀਤੇ ਕੱਲ੍ਹ ਪੁਲੀਸ ਵੱਲੋਂ ਰੇਲਵੇ ਸਟੇਸ਼ਨ , ਬੱਸ ਅੱਡਾ ਅਤੇ ਹੋਰ ਜਨਤਕ ਥਾਵਾਂ ਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ।
ਭੋਗਪੁਰ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮਾਂ ਨੇ ਦੋ ਦਿਨ ਲਗਾਤਾਰ ਰੇਲਵੇ ਸਟੇਸ਼ਨ, ਬੱਸ ਅੱਡਿਆਂ, ਬਾਜ਼ਾਰਾਂ ਵਿੱਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ’ਤੇ ਪੁਲੀਸ ਨਾਕੇ ਲਗਾਏ ਅਤੇ ਦਿਨ-ਰਾਤ ਪੁਲੀਸ ਗਸ਼ਤ ਤੇਜ਼ ਕਰ ਦਿੱਤੀ।
ਪੁਲੀਸ ਮੁਲਾਜ਼ਮ ਨੇ ਤਿਰੰਗੇ ਨੂੰ ਸੁਰੱਖਿਅਤ ਉਤਾਰਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲੀਸ ਦੇ ਇੱਕ ਏਐੱਸਆਈ ਨੇ ਆਪਣੀ ਰਾਸ਼ਟਰੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਬਹਾਦਰੀ ਭਰਿਆ ਕਾਰਜ ਕੀਤਾ ਹੈ । ਅੱਜ ਦੁਪਹਿਰੇ ਇੱਥੇ ਇਕ ਇਮਾਰਤ ਵਿੱਚ ਲੱਗੀ ਅੱਗ ਦੌਰਾਨ ਪੁਲੀਸ ਦੇ ਇੱਕ ਏਐੱਸਆਈ ਕਸ਼ਮੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਇਸ ਇਮਾਰਤ ’ਤੇ ਲਗਪਗ 80-90 ਫੁੱਟ ਉਚਾਈ ਉੱਤੇ ਲੱਗੇ ਤਿਰੰਗੇ ਝੰਡੇ ਨੂੰ ਸੁਰੱਖਿਅਤ ਹੇਠਾਂ ਲਿਆਂਦਾ। ਇਸ ਦੌਰਾਨ ਫਾਇਰ ਬ੍ਰਿਗੇਡ ਵੱਲੋਂ ਇਮਾਰਤ ਵਿੱਚ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਅੱਜ ਇੱਥੇ ਮਹਿਤਾ ਰੋਡ ਸਥਿਤ ਫੋਕਲ ਪੁਆਇੰਟ ਵਿਖੇ ਰਾਘਵ ਸਟੀਲ ਫੈਕਟਰੀ ਦੀ ਇਮਾਰਤ ਵਿੱਚ ਅੱਗ ਲੱਗ ਗਈ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ੋਰਟ ਸਰਕਟ ਦੱਸਿਆ ਗਿਆ ਹੈ।
ਜਮਾਤੇ ਅਹਿਮਦੀਆ ਵੱਲੋਂ ਆਜ਼ਾਦੀ ਦਿਹਾੜੇ ਦੀ ਵਧਾਈ
ਕਾਦੀਆਂ (ਮਕਬੂਲ ਅਹਿਮਦ): ਜਮਾਤੇ ਅਹਿਮਦੀਆ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਹੈ। ਜਮਾਤੇ ਅਹਿਮਦੀਆ ਦੇ ਬੁਲਾਰੇ ਕੇ. ਤਾਰਿਕ ਅਹਿਮਦ ਨੇ ਬਿਆਨ ਰਾਹੀਂ ਕਿਹਾ ਹੈ ਕਿ ਦੇਸ਼ ਪ੍ਰਤੀ ਪਿਆਰ ਤੇ ਵਫ਼ਾਦਾਰੀ ਹਰ ਮੁਸਲਮਾਨ ਦੇ ਇਮਾਨ ਦਾ ਹਿੱਸਾ ਹੈ। ਜਮਾਤੇ ਅਹਿਮਦੀਆ ਉਨ੍ਹਾਂ ਸਾਰੇ ਦੇਸ਼ ਭਗਤਾਂ ਨੂੰ ਸਲਾਮ ਕਰਦੀ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਸਾਡੀ ਪੀੜ੍ਹੀਆਂ ਨੂੰ ਆਜ਼ਾਦੀ ਦੇ ਮਾਹੌਲ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਹੈ। ਜਮਾਤੇ ਅਹਿਮਦੀਆ ਦੇ ਮੋਢੀ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਕਾਦਿਆਨੀ ਨੇ ਆਪਣੀ ਸਿੱਖਿਆਵਾਂ ਵਿੱਚ ਕਿਹਾ ਹੈ ਕਿ ਉਹ ਇਨਸਾਨ ਇਨਸਾਨ ਨਹੀਂ ਜਿਸ ਵਿੱਚ ਹਮਦਰਦੀ ਦੀ ਭਾਵਨਾ ਨਾ ਹੋਵੇ। ਖ਼ੁਦਾ ਨੇ ਕਿਸੇ ਕੌਮ ਨਾਲ ਭੇਦ-ਭਾਵ ਨਹੀਂ ਕੀਤਾ ਹੈ।
ਬਦਲਵੇਂ ਰੂਟਾਂ/ਪਾਰਕਿੰਗ ਦਾ ਵੇਰਵਾ ਜਾਰੀ
ਜਲੰਧਰ (ਪੱਤਰ ਪ੍ਰੇਰਕ): ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ 15 ਅਗਸਤ ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਈਵਰਜ਼ਨ/ਪਾਰਕਿੰਗ ਦਾ ਵੇਰਵਾ ਜਾਰੀ ਕੀਤਾ ਗਿਆ। ਪ੍ਰਾਪਤ ਵੇਰਵੇ ਅਨੁਸਾਰ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ ਬੱਸ ਸਟੈਂਡ-ਸਮਰਾ ਚੌਕ-ਕੂਲ ਰੋਡ-ਟ੍ਰੈਫਿਕ ਸਿਗਨਲ ਲਾਈਟਾਂ ਅਰਬਨ ਇਸਟੇਟ ਫੇਜ-2-ਸੀ.ਟੀ. ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਕ-ਗੁਰੂ ਰਵਿਦਾਸ ਚੌਕ ਰੂਟ ਰਾਹੀਂ ਆਉਣ-ਜਾਣ ਦੀ ਮਨਾਹੀ ਰਹੇਗੀ। ਇਸੇ ਤਰ੍ਹਾਂ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ/ਹੈਵੀ ਵਾਹਨ ਪੀ.ਏ.ਪੀ ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ। ਸਹਾਇਤਾ ਲਈ ਟ੍ਰੈਫਿਕ ਪੁਲਿਸ ਹੈਲਪ ਲਾਈਨ ਨੰਬਰ 0181-2227296 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਖਾਦੀ ਬੋਰਡ ਭੰਡਾਰ ਬੰਦ ਹੋਣ ਕਾਰਨ ਨਹੀਂ ਮਿਲੇ ਤਿਰੰਗੇ
ਫਿਲੌਰ (ਪੱਤਰ ਪ੍ਰੇਰਕ): ਸਥਾਨਕ ਖੱਦਰ ਭੰਡਾਰ ਬੰਦ ਹੋਣ ਕਾਰਨ ਲੋਕਾਂ ਨੂੰ ਤਿਰੰਗਾ ਝੰਡਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਰਵਾਇਤ ਮੁਤਾਬਕ ਤਿਰੰਗਾ ਝੰਡਾ ਖਾਦੀ ਦਾ ਬਣਿਆ ਹੋਇਆ ਹੀ ਲਹਿਰਾਇਆ ਜਾਂਦਾ ਹੈ ਪਰ ਭੰਡਾਰ ਬੰਦ ਹੋਣ ਕਾਰਨ ਝੰਡਾ ਮੁਕਾਮੀ ਸ਼ਹਿਰ ’ਚੋਂ ਨਹੀਂ ਮਿਲ ਰਿਹਾ। ਸਥਾਨਕ ਖੱਦਰ ਭੰਡਾਰ ਪਹਿਲਾ ਰੇਲਵੇ ਸਟੇਸ਼ਨ ਦੇ ਸਾਹਮਣੇ ਹੁੰਦਾ ਸੀ ਪਰ ਹੁਣ ਬਾਜ਼ਾਰ ਦੇ ਅੰਦਰ ਅਬਾਦੀ ਦੇ ਅੰਦਰ ਸਥਿਤ ਹੈ। ਅੱਜ ਜਦੋਂ ਸਕੂਲ ’ਚ ਝੰਡਾ ਝੁਲਾਉਣ ਵਾਸਤੇ ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਮੁਖੀ ਚਰਨਜੀਤ ਸਿੰਘ ਝੰਡਾ ਲੈਣ ਗਏ ਤਾਂ ਅੱਗੋਂ ਭੰਡਾਰ ਬੰਦ ਸੀ। ਨਾਲ ਬੈਠੇ ਚਾਹ ਵਾਲੇ ਨੇ ਦੱਸਿਆ ਕਿ ਇਥੇ ਕੋਈ ਵੀ ਝੰਡਾ ਲੈਣ ਵਾਸਤੇ ਨਹੀਂ ਆਉਂਦਾ। ਬਾਜ਼ਾਰ ’ਚ ਹੁਣ ਸਿੰਥੈਟਿਕ ਕੱਪੜੇ ਦੇ ਝੰਡੇ ਮਿਲਣ ਲੱਗ ਪਏ ਹਨ ਪਰ ਝੰਡਾ ਲਹਿਰਾਉਣ ਲਈ ਵੱਡੇ ਸਾਈਜ਼ ਦਾ ਝੰਡਾ ਖੱਦਰ ਦਾ ਹੀ ਬਣਵਾਇਆ ਜਾਂਦਾ ਹੈ। ਇਸ ਸਬੰਧੀ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਝ ਝੰਡੇ ਆਏ ਸਨ ਪਰ ਹੁਣ ਤਾਂ ਜਲੰਧਰ ਜਾਂ ਲੁਧਿਆਣਾ ਤੋਂ ਝੰਡੇ ਦਾ ਪ੍ਰਬੰਧ ਕਰਨਾ ਪਵੇਗਾ। ਘਰ-ਘਰ ਤਿਰੰਗਾ ਵੀ ਹੁਣ ਖਾਦੀ ਮੁਕਤ ਹੋ ਗਿਆ ਹੈ ਕਿਉਂਕਿ ਗੁਰਾਇਆ ਦਾ ਖਾਦੀ ਭੰਡਾਰ ਬੰਦ ਹੋਣ ਕਾਰਨ ਉਥੇ ਵੀ ਝੰਡਾ ਉਪਲੱਬਧ ਨਹੀਂ ਸੀ।
ਫੁੱਲ ਡਰੈੱਸ ਰਿਹਰਸਲ ਕੀਤੀ
ਫਗਵਾੜਾ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਸਬੰਧੀ ਸਰਕਾਰੀ ਸਮਾਗਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਥਾਨ ਪ੍ਰਸ਼ਾਸਨ ਵੱਲੋਂ ਸਕੂਲ ਵਿਖੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ ਜਿਸ ’ਚ ਮਾਰਚ ਪਾਸਟ ਤੋਂ ਸਲਾਮੀ ਜੈਇੰਦਰ ਸਿੰਘ ਨੇ ਸਲਾਮੀ ਲਈ। ਇਸ ਮੌਕੇ ਪੰਜਾਬ ਪੁਲੀਸ ਦੀਆਂ ਟੀਮਾਂ ਤੇ ਬੱਚਿਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਐਸ.ਡੀ.ਐਮ ਨੇ ਦੱਸਿਆ ਕਿ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਏ.ਡੀ.ਸੀ. ਨਿਭਾਉਣਗੇ।