ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਬੰਦੋਬਸਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਅਗਸਤ
ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੱਜ ਇੱਥੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇੱਥੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤਿਰੰਗਾ ਝੰਡਾ ਲਹਿਰਾਉਣਗੇ।
ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਅੱਜ ਇਥੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਖੇਤਰ ਦੇ ਆਲੇ-ਦੁਆਲੇ ਭਲਕੇ ਆਮ ਆਵਾਜਾਈ ਰੋਕ ਦਿੱਤੀ ਜਾਵੇਗੀ ਅਤੇ ਸਮਾਗਮ ਤੋਂ ਬਾਅਦ ਹੀ ਆਮ ਆਵਾਜਾਈ ਸ਼ੁਰੂ ਹੋ ਸਕੇਗੀ। ਅੱਜ ਇੱਥੇ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਰਿਹਰਸਲ ਵੀ ਕੀਤੀ ਗਈ ਹੈ। ਇਸ ਤਹਿਤ ਟੇਲਰ ਰੋਡ ਦੀ ਸਮੁੱਚੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਅਤੇ ਭਲਕੇ ਵੀ ਇਸ ਰੋਡ ’ਤੇ ਆਵਾਜਾਈ ਬੰਦ ਰਹੇਗੀ । ਇਸ ਖੇਤਰ ਦੀ ਆਵਾਜਾਈ ਨੂੰ ਦੂਜੇ ਰੋਡ ’ਤੇ ਤਬਦੀਲ ਕੀਤਾ ਗਿਆ। ਇਸ ਦੌਰਾਨ ਸਟੇਡੀਅਮ ਦੇ ਦਾਖ਼ਲਾ ਰਸਤਿਆਂ ’ਤੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਲਗਪਗ ਤਿੰਨ ਹਜ਼ਾਰ ਸੁਰੱਖਿਆ ਕਰਮਚਾਰੀ ਵੱਖ-ਵੱਖ ਥਾਵਾਂ ਤੇ ਰਸਤਿਆਂ ਤੇ ਨਾਕਿਆਂ ਤੇ ਤਾਇਨਾਤ ਹਨ। ਬੀਤੇ ਦਿਨੀ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਮਗਰੋਂ ਆਜ਼ਾਦੀ ਦਿਵਸ ਸਮਾਗਮਾਂ ਨੂੰ ਲੈ ਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਤਹਿਤ ਵਿਸ਼ੇਸ਼ ਨਾਕੇ ਲਾਏ ਗਏ ਹਨ।
ਇਸ ਦੌਰਾਨ ਭਲਕੇ ਕਿਸਾਨਾਂ ਵੱਲੋਂ ਆਜ਼ਾਦੀ ਦਿਵਸ ਮੌਕੇ ਟਰੈਕਟਰ ਮਾਰਚ ਕੱਢੇ ਜਾਣ ਦੇ ਐਲਾਨ ਤੋਂ ਬਾਅਦ ਟਰੈਕਟਰ ਮਾਰਚ ਦੇ ਵੱਖ-ਵੱਖ ਰੂਟਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਨ੍ਹਾਂ ਰੂਟਾਂ ’ਤੇ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਆਜ਼ਾਦੀ ਦਿਵਸ ਸਮਾਗਮਾਂ ਸਬੰਧੀ ਰਿਹਰਸਲ ਵੀ ਕੀਤੀ ਗਈ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਕੀਤੇ ਸੁਰੱਖਿਆ ਪ੍ਰਬੰਧ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਗੌਰਵ ਤੂਰਾ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਤਰਨ ਤਾਰਨ ’ਚ ਕੁਲਦੀਪ ਧਾਲੀਵਾਲ ਲਹਿਰਾਉਣਗੇ ਕੌਮੀ ਝੰਡਾ
ਤਰਨ ਤਾਰਨ (ਗੁਰਬਖ਼ਸ਼ਪੁਰੀ): ਦੇਸ਼ ਦੀ ਆਜ਼ਾਦੀ ਦੇ 78ਵੇਂ ਦਿਹਾੜੇ ’ਤੇ ਇੱਥੇ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ| ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਅੱਜ ਦੱਸਿਆ ਕਿ ਇੱਥੋਂ ਦੀ ਪੁਲੀਸ ਲਾਈਨਜ਼ ਗਰਾਊਂਡ ਵਿੱਚ ਕੀਤੇ ਜਾਣ ਵਾਲੇ ਸਮਾਗਮ ਵਿੱਚ ਦੇਸ਼ ਭਗਤੀ ਨਾਲ ਭਰਪੂਰ ਸਭਿਆਚਾਰਕ ਝਲਕੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਜਲੰਧਰ ਵਿੱਚ ਆਵਾਜਾਈ ਸਬੰਧੀ ਰੂਟ ਬਦਲੇ
ਜਲੰਧਰ (ਹਤਿੰਦਰ ਮਹਿਤਾ): ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਸਬੰਧੀ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਵਿੱਢੀਆਂ ਗਈਆਂ ਹਨ। ਕਮਿਸ਼ਨਰੇਟ ਪੁਲੀਸ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਸਬੰਧੀ ਬਦਲੇ ਰੂਟ ਦਾ ਪਲਾਨ ਜਾਰੀ ਕੀਤਾ ਹੈ ਜੋ ਬੁੱਧਵਾਰ ਦੇਰ ਸ਼ਾਮ ਤੋਂ 15 ਅਗਸਤ ਨੂੰ ਦੁਪਹਿਰ 1 ਵਜੇ ਤੱਕ ਚੱਲੇਗਾ। ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਨੂੰ ਗੁਰੂ ਨਾਨਕ ਮਿਸ਼ਨ ਚੌਕ, ਮਸੰਦ ਚੌਕ ਅਤੇ ਏਪੀਜੇ ਕਾਲਜ ਮਹਾਂਵੀਰ ਮਾਰਗ ਤੋਂ ਮੋੜਿਆ ਜਾਵੇਗਾ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨਾਲ-ਨਾਲ ਮੁੱਖ ਮਾਰਗ ਅਤੇ ਲਿੰਕ ਸੜਕਾਂ ਦੀ ਵਰਤੋਂ ਕਰਨ ਦੀ ਬਜਾਏ ਟਰੈਫਿਕ ਨੂੰ ਬਦਲਵੇਂ ਰਸਤਿਆਂ ਵੱਲ ਭੇਜਿਆ ਜਾਵੇਗਾ।