ਬਠਿੰਡਾ ਪੁਲੀਸ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ
ਸ਼ਗਨ ਕਟਾਰੀਆ
ਬਠਿੰਡਾ, 6 ਜੂਨ
ਪੰਜਾਬ ਵਿੱਚ ਘੱਲੂਘਾਰਾ ਹਫ਼ਤੇ ਅਤੇ ਬਠਿੰਡਾ ਨੂੰ ਦਹਿਲਾਉਣ ਦੀਆਂ ਮਿਲੀਆਂ ਧਮਕੀਆਂ ਦੌਰਾਨ ਬਠਿੰਡਾ ਪੁਲੀਸ ਨੇ ਆਪਣੀ ਡਿਊਟੀ ‘ਚ ਮੁਸਤੈਦੀ ਵਧਾ ਦਿੱਤੀ ਹੈ। ਪਿਛਲੇ ਦਿਨਾਂ ਤੋਂ ਬਠਿੰਡਾ ਅਤੇ ਜ਼ਿਲ੍ਹੇ ‘ਚ ਹੋਰ ਥਾਈਂ ਫਲੈਗ ਮਾਰਚਾਂ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਜਨਤਕ ਥਾਵਾਂ ‘ਤੇ ਚੌਕਸੀ ਅਤੇ ਗੁਆਂਢੀ ਰਾਜਾਂ ਹਰਿਆਣਾ ਤੇ ਰਾਜਸਥਾਨ ਦੀਆਂ ਹੱਦਾਂ ‘ਤੇ ਨਾਕੇ ਲਾ ਕੇ ਪੁਲੀਸ ਵੱਲੋਂ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਕਰੀਬ ਦੋ ਹਫ਼ਤੇ ਪਹਿਲਾਂ ਜ਼ਿਲ੍ਹੇ ‘ਚ ਕੁਝ ਥਾਵਾਂ ‘ਤੇ ਕੰਧਾਂ ਉੱਪਰ ਖਾਲਿਸਤਾਨੀ ਨਾਅਰੇ ਲਿਖ਼ਣ ਤੋਂ ਇਲਾਵਾ ਬਠਿੰਡਾ ਦੀਆਂ 10 ਪ੍ਰਮੁੱਖ ਥਾਵਾਂ ‘ਤੇ 7 ਜੂਨ ਨੂੰ ਬੰਬ ਧਮਾਕੇ ਕਰਨ ਦੇ ਧਮਕੀ ਪੱਤਰ ਮਿਲੇ ਸਨ। ਅਜਿਹੇ ਅੱਧੀ ਦਰਜਨ ਪੱਤਰ ਸਿਆਸੀ ਆਗੂਆਂ, ਅਧਿਕਾਰੀਆਂ ਅਤੇ ਵਪਾਰੀਆਂ ਕੋਲ ਪੁੱਜੇ ਸਨ। ਅੱਜ ਸ਼ਹਿਰ ਅੰਦਰ ਫਲੈਗ ਮਾਰਚ ਦੀ ਅਗਵਾਈ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਵੱਲੋਂ ਕੀਤੀ ਗਈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਇਲਾਕਿਆਂ ਅੰਦਰ ਵੀ ਪੁਲੀਸ ਦੀ ਚੌਕਸੀ ਵਧਾਏ ਜਾਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ‘ਤੇ ਦਬਸ਼ ਬਣਾਉਣ ਲਈ ਨਾਲ ਲੱਗਦੀਆਂ ਅੰਤਰਰਾਜੀ ਹੱਦਾਂ ‘ਤੇ ਨਾਕਾਬੰਦੀ ਕਰਕੇ ਬਾਹਰੋਂ ਆਉਣ ਵਾਲਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਉੱਪਰ ਸੁਰੱਖਿਆ ਚੌਕਸੀ ਵਧਾ ਕੇ ਤਲਾਸ਼ੀ ਲਈ ਜਾ ਰਹੀ ਹੈ।