For the best experience, open
https://m.punjabitribuneonline.com
on your mobile browser.
Advertisement

ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਅਤੇ ਖੇਤਾਂ ਵਿੱਚ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਦੇ ਹੁਕਮ

07:08 AM Nov 25, 2023 IST
ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਅਤੇ ਖੇਤਾਂ ਵਿੱਚ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਦੇ ਹੁਕਮ
ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਧੁਆਂਖੀ ਧੁੰਦ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਵਾਹਨ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚਣ ਤੋਂ ਬਾਅਦ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਅਤੇ ਖੇਤਾਂ ’ਚ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ’ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲੀਆ ਅੰਕੜੇ ਦਰਸਾਉਂਦੇ ਹਨ ਕਿ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਦਾ 25-30 ਫੀਸਦ ਹਿੱਸਾ ਵਾਹਨਾਂ ਦੇ ਨਿਕਾਸ ਦਾ ਹੁੰਦਾ ਹੈ। ਰਾਏ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਿੱਚ ਕਮੀ ਆਈ ਹੈ ਪਰ ਦਿੱਲੀ-ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਵੱਖ-ਵੱਖ ਥਾਵਾਂ ’ਤੇ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸ਼ਹਿਰ ਦੇ 21 ਫੀਸਦੀ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਇਸ ਤੋਂ ਪਹਿਲਾਂ ਰਾਏ ਨੇ ਹਵਾ ਪ੍ਰਦੂਸ਼ਣ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਦਿੱਲੀ ਟਰੈਫਿਕ ਪੁਲਿਸ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦੇ ਤੀਜੇ ਪੜਾਅ ਤਹਿਤ ਬੀਐਸ-3 ਪੈਟਰੋਲ ਅਤੇ ਬੀਐਸ-ਵੀ ਡੀਜ਼ਲ ਵਾਹਨਾਂ ’ਤੇ ਪਾਬੰਦੀ ਲਾਗੂ ਕਰਨ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਦਿੱਲੀ ਨਗਰ ਨਿਗਮ ਅਤੇ ਮਾਲ ਵਿਭਾਗ ਨੂੰ ਖੇਤਾਂ ਵਿੱਚ ਅੱਗ ਲਗਾਉਣ ਦੇ ਮਾਮਲਿਆਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਏ ਨੇ ਕਿਹਾ, ‘‘ਅਗਲੇ ਦਿਨਾਂ ਵਿੱਚ ਤਾਪਮਾਨਘਟਣ ਦੇ ਨਾਲ ਹੀ ਅਜਿਹੇ ਮਾਮਲੇ ਵਧਣ ਵਾਲੇ ਹਨ।’’ ਮੰਤਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਦੋ ਦਿਨਾਂ ਤੱਕ ‘ਗੰਭੀਰ’ ਰਹੇਗਾ। ਉਸ ਤੋਂ ਬਾਅਦ ਮੌਸਮ ਦੇ ਅਨੁਕੂਲ ਹਾਲਾਤ ਕਾਰਨ ਕੁੱਝ ਰਾਹਤ ਦੀ ਉਮੀਦ ਹੈ।

Advertisement

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਮੁੜ ‘ਗੰਭੀਰ’ ਸ਼੍ਰੇਣੀ ’ਚ ਦਰਜ

ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਤਾਪਮਾਨ ’ਚ ਗਿਰਾਵਟ ਅਤੇ ਰਾਤ ਨੂੰ ਹਵਾ ਦੀ ਰਫ਼ਤਾਰ ਘੱਟ ਹੋਣ ਕਾਰਨ ਹਵਾ ਦੀ ਗੁਣਵੱਤਾ ਅੱਜ ਮੁੜ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ। ਐਤਵਾਰ ਨੂੰ ਮਾਮੂਲੀ ਸੁਧਾਰ ਤੋਂ ਬਾਅਦ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅੱਜ ਸਵੇਰੇ ਔਸਤ ਏਕਿਊਆਈ 401 ਦਰਜ ਕੀਤਾ ਗਿਆ। 24 ਘੰਟੇ ਦਾ ਔਸਤ ਏਕਿਊਆਈ, ਹਰ ਰੋਜ਼ ਸ਼ਾਮ 4 ਵਜੇ ਦਰਜ ਕੀਤਾ ਜਾਂਦਾ ਹੈ, ਜੋ ਵੀਰਵਾਰ ਨੂੰ 390, ਬੁੱਧਵਾਰ ਨੂੰ 394, ਮੰਗਲਵਾਰ ਨੂੰ 365, ਸੋਮਵਾਰ ਨੂੰ 348 ਅਤੇ ਐਤਵਾਰ ਨੂੰ 301 ਸੀ। ਪ੍ਰਦੂਸ਼ਣ ਵਿੱਚ ਸੁਧਾਰ ਦੇ ਮੱਦੇਨਜ਼ਰ ਕੇਂਦਰ ਨੇ ਸ਼ਨਿਚਰਵਾਰ ਨੂੰ ਜਨਤਕ ਕੰਮਾਂ ਨਾਲ ਸਬੰਧਤ ਕੰਮ ਅਤੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਸਮੇਤ ਸਖ਼ਤ ਪਾਬੰਦੀਆਂ ਹਟਾ ਦਿੱਤੀਆਂ ਸਨ, ਜਿਸ ਤੋਂ ਬਾਅਦ ਏਕਿਊਆਈ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਗਾਜ਼ੀਆਬਾਦ (386), ਗੁਰੂਗ੍ਰਾਮ (321), ਗ੍ਰੇਟਰ ਨੋਇਡਾ (345), ਨੋਇਡਾ (344) ਅਤੇ ਫਰੀਦਾਬਾਦ (410) ਵਿੱਚ ਵੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਉਧਰ ਆਨੰਦ ਵਿਹਾਰ ਵਿੱਚ ਏਕਿਊਆਈ 411, ਅਲੀਪੁਰ ਵਿੱਚ 432, ਵਜ਼ੀਰਪੁਰ ਵਿੱਚ 443 ਅਤੇ ਆਰਕੇ ਪੁਰਮ ਵਿੱਚ 422 ਸੀ। ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਿਓਰੌਲੋਜੀ ਅਨੁਸਾਰ ਅਗਲੇ ਪੰਜ ਤੋਂ ਛੇ ਦਿਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ‘ਬਹੁਤ ਮਾੜੇ’ ਤੋਂ ‘ਗੰਭੀਰ’ ਸ਼੍ਰੇਣੀਆਂ ਵਿੱਚ ਰਹਿ ਸਕਦਾ ਹੈ। ਦਿੱਲੀ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ), ਕਾਨਪੁਰ ਦੇ ਸਾਂਝੇ ਪ੍ਰੋਜੈਕਟ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਦੇ ਨਿਕਾਸ ਨੇ ਲਗਭਗ 38 ਫੀਸਦ ਯੋਗਦਾਨ ਪਾਇਆ ਸੀ।

Advertisement
Author Image

joginder kumar

View all posts

Advertisement
Advertisement
×