ਮਾਲਵਾ ਪੱਟੀ ਵਿੱਚ ਮਿਲਾਵਟਖੋਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 7 ਨਵੰਬਰ
ਪਿੰਡ ਸੰਧਵਾਂ ਵਿੱਚ ਮਿਲਾਵਟੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਸਿਹਤ ਵਿਭਾਗ ਨੇ ਫੈਕਟਰੀ ਮਾਲਕ ਪ੍ਰਦੀਪ ਕੁਮਾਰ ਵਾਸੀ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਕੋਟਕਪੂਰਾ ਪੁਲੀਸ ਨੇ ਫੈਕਟਰੀ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਇਸ ਤੋਂ ਤਕਰੀਬਨ 200 ਟੀਨ ਮਿਲਾਵਟੀ ਦੇਸੀ ਘਿਓ, ਇਸ ਨੂੰ ਬਣਾਉਣ ਵਾਲਾ ਸਾਮਾਨ ਅਤੇ ਘਿਓ ਦੀ ਢੋਆ-ਢੁਆਈ ਕਰਨ ਵਾਲੇ ਵਾਹਨ ਨੂੰ ਬਰਾਮਦ ਕਰ ਕੇ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਹੈ। ਡੀਐੱਸਪੀ ਕੋਟਕਪੂਰਾ ਸਮਸ਼ੇਰ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਵਿਭਾਗ ਦੀ ਅਧਿਕਾਰੀ ਗਗਨਦੀਪ ਕੌਰ ਨੇ ਸੰਧਵਾਂ ਵਿੱਚ ਛਾਪਾ ਮਾਰ ਕੇ ਪੁਲੀਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਨੇ ਪੁਲੀਸ ਦੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਪਿਛਲੇ 12 ਸਾਲ ਤੋਂ ਉਹ ਇੱਕ ਕਿਰਾਏ ਦੀ ਬਿਲਡਿੰਗ ਲੈ ਕੇ ਮਿਲਾਵਟੀ ਦੇਸੀ ਘਿਓ ਬਣਾ ਰਿਹਾ ਸੀ ਤੇ ਇਸ ਮਿਲਾਵਟੀ ਦੇਸੀ ਘਿਓ ਨੂੰ ਬਾਜ਼ਾਰ ਵਿੱਚ ਵੇਚਦਾ ਸੀ। ਉਸ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਉਹ ਇਸ ਮਿਲਾਵਟੀ ਦੇਸੀ ਘਿਓ ’ਤੇ ਵੱਡੀਆਂ ਕੰਪਨੀਆਂ ਦੇ ਸਟਿੱਕਰ ਲਾਉਂਦਾ ਸੀ ਤੇ ਇਸ ਨਕਲੀ ਦੇਸੀ ਘਿਓ ਦੇ ਟੀਨ ਨੂੰ ਬਾਜ਼ਾਰ ਵਿੱਚ ਵੱਖ-ਵੱਖ ਕੰਪਨੀਆਂ ਦੇ ਮੁਕਾਬਲੇ 5-6 ਹਜ਼ਾਰ ਰੁਪਏ ਵਿੱਚ ਸਸਤੇ ਰੇਟ ਵਿੱਚ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਸਾਧਾਰਨ ਘਿਓ ਵਿੱਚ ਰਿਫਾਈਂਡ ਅਤੇ ਫਲੈਵਰ ਮਿਕਸ ਕਰਦਾ ਸੀ। ਫੂਟ ਸੇਫਟੀ ਅਧਿਕਾਰੀ ਗਗਨਦੀਪ ਕੌਰ ਨੇ ਆਖਿਆ ਕਿ ਮਿਲਾਵਟਖੋਰੀ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ।