ਸ੍ਰੀ ਗੁਰੂ ਤੇਗ ਬਹਾਦਰ ਮਾਰਗ ’ਤੇ ਚੱਲਦੇ ਓਵਰਲੋਡ ਵਾਹਨਾਂ ਖ਼ਿਲਾਫ਼ ਸ਼ਿਕੰਜਾ ਕੱਸਿਆ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਾਰਗ ‘ਤੇ ਓਵਰਲੋਡ ਸਾਮਾਨ ਲੈ ਕੇ ਆ ਰਹੇ ਟਰੱਕਾਂ ਅਤੇ ਟਿੱਪਰਾਂ ‘ਤੇ ਐੱਸ.ਡੀ.ਐੱਮ. ਬਲਾਚੌਰ ਵਿਕਰਮਜੀਤ ਪਾਂਥੇ ਵਲੋਂ ਆਪਣੀ ਟੀਮ ਅਤੇ ਪੁਲੀਸ ਪਾਰਟੀ ਸਮੇਤ ਦੇਰ ਰਾਤ ਨਾਕਾਬੰਦੀ ਕਰਕੇ ਸ਼ਿਕੰਜਾ ਕੱਸ ਦਿੱਤਾ ਗਿਆ ਅਤੇ 30 ਦੇ ਕਰੀਬ ਵਾਹਨਾਂ ਨੂੰ ਬਲਾਚੌਰ ਤਹਿਸੀਲ ਦੇ ਥਾਣਾ ਪੋਜੇਵਾਲ ਵਿਖੇ ਬੰਦ ਕਰ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਵਿਕਰਮਜੀਤ ਪਾਂਥੇ ਨੇ ਦੱਸਿਆ ਕਿ ਬਿਨਾਂ ਪਰਚੀਆਂ ਤੋਂ ਓਵਰਲੋਡ ਸਾਮਾਨ ਅਤੇ ਰੇਤਾ-ਬਜਰੀ ਢੋਣ ਵਾਲੇ ਇਨ੍ਹਾਂ ਵਾਹਨਾਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਾਰਗ ’ਤੇ ਟਰੱਕਾਂ ਅਤੇ ਟਿੱੱਪਰਾਂ ਰਾਹੀਂ ਰੋਜ਼ਾਨਾ ਓਵਰਲੋਡ ਸਾਮਾਨ ਅਤੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ-ਬਜਰੀ ਢੋਇਆ ਜਾ ਰਿਹਾ ਹੈ। 30 ਦੇ ਕਰੀਬ ਵਾਹਨਾਂ ਨੂੰ ਪੋਜੇਵਾਲ ਥਾਣੇ ਵਿਖੇ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨਾਂ ਦਾ ਕਾਨੂੰਨ ਮੁਤਾਬਿਕ ਦਿੱਤੀਆਂ ਹਦਾਇਤਾਂ ਰਾਹੀਂ ਹੀ ਪ੍ਰਯੋਗ ਕਰਨ।